ਲਿਜ਼ ਟਰੱਸ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ

ਲੰਡਨ, 6 ਸਤੰਬਰ— ਕੁਈਨ ਐਲਿਜ਼ਬੈੱਥ ਦੋਇਮ ਵੱਲੋਂ ਸਰਕਾਰ ਬਣਾਉਣ ਲਈ ਮਿਲੇ ਰਸਮੀ ਸੱਦੇ ਮਗਰੋਂ ਕੰਜ਼ਰਵੇਟਿਵ ਪਾਰਟੀ ਦੀ ਨਵੀਂ ਆਗੂ ਲਿਜ਼ ਟਰੱਸ ਨੇ ਅੱਜ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ। ਟਰੱਸ ਨੇ ਅੱਜ ਬਾਲਮੋਰਲ ਕੈਸਲ ਵਿੱਚ ਮਹਾਰਾਣੀ ਨਾਲ ਮੁਲਾਕਾਤ ਕੀਤੀ, ਜਿੱਥੇ ਉਨ੍ਹਾਂ ਨੂੰ ਰਸਮੀ ਤੌਰ ’ਤੇ ਬਰਤਾਨੀਆ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ ਗਿਆ। ਟਰੱਸ, ਮਾਰਗਰੇਟ ਥੈੱਚਰ ਤੇ ਟੈਰੇਜ਼ਾ ਮੇਅ ਤੋਂ ਬਾਅਦ ਬਰਤਾਨੀਆ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਹਨ। ਇਸ ਤੋਂ ਪਹਿਲਾਂ ਬੋਰਿਸ ਜੌਹਨਸਨ ਨੇ ਵੀ ਮਹਾਰਾਣੀ ਨੂੰ ਆਪਣਾ ਰਸਮੀ ਅਸਤੀਫ਼ਾ ਸੌਂਪ ਦਿੱਤਾ। ਟਰੱਸ 15ਵੀਂ ਪ੍ਰਧਾਨ ਮੰਤਰੀ ਹਨ, ਜੋ ਮਹਾਰਾਣੀ ਐਲਿਜ਼ਬੈੱਥ ਦੋਇਮ ਦੇ ਰਾਜਪਾਟ ਵਿੱਚ ਸਰਕਾਰ ਚਲਾਉਣਗੇ। ਇਸ ਸੂਚੀ ਵਿੱਚ ਵਿੰਸਟਨ ਚਰਚਿਲ ਪਹਿਲੇ ਪ੍ਰਧਾਨ ਮੰਤਰੀ ਸਨ, ਜਿਨ੍ਹਾਂ 1952 ਵਿੱਚ ਕਾਰਜ ਭਾਰ ਸੰਭਾਲਿਆ ਸੀ।

ਕਾਬਿਲੇਗੌਰ ਹੈ ਕਿ ਸੰਵਿਧਾਨਕ ਅਮਲ ਮੁਤਾਬਕ ਮਹਾਰਾਣੀ ਵੱਲੋਂ ਬਹੁਮਤ ਹਾਸਲ ਕਰਨ ਵਾਲੀ ਧਿਰ ਨੂੰ ਲੰਡਨ ਦੇ ਬਕਿੰਘਮ ਪੈਲੇਸ ਵਿੱਚ ਸੱਦ ਕੇ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਜਾਂਦਾ ਹੈ, ਪਰ ਐਤਕੀਂ ਮਹਾਰਾਣੀ ਐਲਿਜ਼ਬੈੱਥ ਨੇ ਜੌਹਨਸਨ ਤੇ ਟਰੱਸ ਨਾਲ ਆਪਣੀ ਗਰਮੀਆਂ ਦੀ ਰਿਹਾਇਸ਼ ਬਾਲਮੋਰਲ ਕੈਸਲ ਵਿੱਚ ਹੀ ਮਿਲਣ ਦਾ ਫੈਸਲਾ ਕੀਤਾ ਸੀ। ਟਰੱਸ ਵੱਲੋਂ ਆਪਣੀ ਨਵੀਂ ਕੈਬਨਿਟ ਵਿੱਚ ਅਟਾਰਨੀ ਜਨਰਲ ਸੁਏਲਾ ਬ੍ਰੇਵਰਮੈਨ ਨੂੰ ਸ਼ਾਮਲ ਕੀਤੇ ਜਾਣ ਦੇ ਚਰਚੇ ਹਨ।

ਸੰਸਦ ਮੈਂਬਰ ਤੇ ਭਾਰਤੀ ਮੂਲ ਦੀ ਬ੍ਰੇਵਰਮੈਨ ਦੇ ਕੈਬਨਿਟ ਵਿੱਚ ਪ੍ਰੀਤੀ ਪਟੇਲ ਦੀ ਥਾਂ ਲੈਣ ਦੀ ਸੰਭਾਵਨਾ ਹੈ। ਪਟੇਲ ਨੇ ਸੋਮਵਾਰ ਸ਼ਾਮ ਨੂੰ ਗ੍ਰਹਿ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਉਧਰ ਸਾਬਕਾ ਵਿੱਤ ਮੰਤਰੀ ਰਿਸ਼ੀ ਸੂਨਕ, ਜੋ ਟਰੱਸ ਨੂੰ ਮਿਲੀਆਂ 57 ਫੀਸਦ ਵੋਟਾਂ ਦੇ ਮੁਕਾਬਲੇ 43 ਫੀਸਦ ਵੋਟਾਂ ਮਿਲਣ ਕਰਕੇ ਚੋਣ ਹਾਰ ਗਏ ਸਨ, ਨੇ ਲੰਘੇ ਦਿਨ ਹੀ ਟਰੱਸ ਦੀ ਅਗਵਾਈ ਵਾਲੀ ਕੈਬਨਿਟ ’ਚ ਸ਼ਾਮਲ ਹੋਣ ਦੀ ਸੰਭਾਵਨਾ ਨੂੰ ਖਾਰਜ ਕਰ ਦਿੱਤਾ ਸੀ। ਸਿੱਖਿਆ ਸਕੱਤਰ ਜੇਮਸ ਕਲੈਵਰਲੀ ਨੂੰ ਵਿਦੇਸ਼ ਮੰਤਰੀ ਥਾਪਿਆ ਜਾ ਸਕਦਾ ਹੈ। ਰੱਖਿਆ ਮੰਤਰੀ ਬੈੱਨ ਵਾਲੇਸ ਸਣੇ ਇਕ ਦੋ ਹੋਰ ਮੰਤਰੀਆਂ ਕੋਲ ਉਹੀ ਪੁਰਾਣੇ ਅਹੁਦੇ ਰਹਿਣ ਦੀ ਚਰਚਾ ਹੈ। ਟਰੱਸ ਦੀ ਨੇੜਲੀ ਦੋਸਤ ਟੈਰੇੇਸੇ ਕੌਫੀ ਨੂੰ ਸਿਹਤ ਮਹਿਕਮਾ ਮਿਲ ਸਕਦਾ ਹੈ। ਕੈਬਨਿਟ ਵਿੱਚ ਫੇਰਬਦਲ ਤੋਂ ਇਲਾਵਾ ਪ੍ਰਧਾਨ ਮੰਤਰੀ ਦੀ ਅਧਿਕਾਰਤ ਰਿਹਾਇਸ਼ 10 ਡਾਊਨਿੰਗ ਸਟਰੀਟ ਵਿਖੇ ਜੌਹਨਸਨ ਦੇ ਕੁਝ ਸੀਨੀਅਰ ਸਾਥੀਆਂ ਨੂੰ ਵੀ ਲਾਂਭੇ ਕਰਨ ਦੀ ਤਿਆਰੀ ਹੈ।

Add a Comment

Your email address will not be published. Required fields are marked *