PM ਮੋਦੀ ਦੇ ਡਿਨਰ ‘ਚ ਫਸਟ ਲੇਡੀ ਜਿਲ ਬਾਈਡੇਨ ਨੇ ਖ਼ੁਦ ਕੀਤੀਆਂ ਸਾਰੀਆਂ ਤਿਆਰੀਆਂ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਪਹਿਲੀ ਮਹਿਲਾ ਜਿਲ ਬਾਈਡੇਨ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇੱਕ ਨਿੱਜੀ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ। ਰਾਸ਼ਟਰਪਤੀ ਅਤੇ ਪਹਿਲੀ ਮਹਿਲਾ ਨੇ ਮੋਦੀ ਦਾ ਸੁਆਗਤ ਕੀਤਾ ਅਤੇ ਇਮਾਰਤ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਫੋਟੋਆਂ ਖਿਚਵਾਈਆਂ ਅਤੇ ਗੱਲਬਾਤ ਕਰਦੇ ਦੇਖੇ ਗਏ। ਉਥੇ ਹੀ ਬਾਈਡੇਨ ਜੋੜਾ 22 ਜੂਨ ਵੀਰਵਾਰ ਨੂੰ ਵ੍ਹਾਈਟ ਹਾਊਸ ਦੇ ਦੱਖਣੀ ਲਾਅਨ ਵਿੱਚ ਪ੍ਰਧਾਨ ਮੰਤਰੀ ਮੋਦੀ ਲਈ ਇੱਕ ਸਟੇਟ ਡਿਨਰ ਦੀ ਵੀ ਮੇਜ਼ਬਾਨੀ ਕਰੇਗਾ, ਜਿਸ ਵਿੱਚ 400 ਮਹਿਮਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਮੋਦੀ 22 ਜੂਨ ਨੂੰ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਵੀ ਸੰਬੋਧਨ ਕਰਨਗੇ।

ਪੀ.ਐੱਮ. ਮੋਦੀ ਦੇ ਸਨਮਾਨ ਵਿੱਚ ਦਿੱਤੇ ਜਾਣ ਵਾਲੇ ਇਸ ਸਟੇਟ ਡਿਨਰ ਦਾ ਮੈਨਿਊ ਸਾਹਮਣੇ ਆ ਗਿਆ ਹੈ। ਪੀ.ਐੱਮ. ਮੋਦੀ ਲੰਬੇ ਸਮੇਂ ਤੋਂ ਬਾਜਰੇ ਦੀ ਖੇਤੀ ਅਤੇ ਇਸ ਨੂੰ ਭੋਜਨ ਵਿੱਚ ਸ਼ਾਮਲ ਕਰਨ ‘ਤੇ ਜ਼ੋਰ ਦੇ ਰਹੇ ਹਨ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲੀ ਮਹਿਲਾ ਜਿਲ ਬਾਈਡੇਨ ਨੇ ਸਟੇਟ ਡਿਨਰ ਵਿੱਚ ਬਾਜਰੇ ਨੂੰ ਸ਼ਾਮਿਲ ਕੀਤਾ ਹੈ, ਇਹ ਸਟੇਟ ਡਿਨਰ ਪੂਰੀ ਤਰ੍ਹਾਂ ਸ਼ਾਕਾਹਾਰੀ ਹੋਵੇਗਾ। ਜਿਲ ਬਾਈਡੇਨ ਨੇ ਗੈਸਟ ਸ਼ੈੱਫ ਨੀਨਾ ਕਰਟਿਸ, ਵ੍ਹਾਈਟ ਹਾਊਸ ਦੇ ਕਾਰਜਕਾਰੀ ਸ਼ੈੱਫ ਕ੍ਰਿਸ ਕਾਮਰਫੋਰਡ ਅਤੇ ਵ੍ਹਾਈਟ ਹਾਊਸ ਦੇ ਕਾਰਜਕਾਰੀ ਪੇਸਟਰੀ ਸ਼ੈੱਫ ਸੂਜ਼ੀ ਮੌਰੀਸਨ ਨਾਲ ਮਿਲ ਕੇ ਇਸ ਸਟੇਟ ਡਿਨਰ ਦੇ ਮੈਨਿਊ ਨੂੰ ਤਿਆਰ ਕੀਤਾ ਹੈ।

ਬਾਈਡੇਨ ਜੋੜੇ ਵੱਲੋਂ ਨਿੱਜੀ ਰਾਤ ਦੇ ਖਾਣੇ ਦੀ ਮੇਜ਼ਬਾਨੀ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, “ਮੈਂ ਅੱਜ ਵ੍ਹਾਈਟ ਹਾਊਸ ਵਿੱਚ ਮੇਰੀ ਮੇਜ਼ਬਾਨੀ ਕਰਨ ਲਈ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਪਹਿਲੀ ਮਹਿਲਾ ਜਿਲ ਬਾਈਡੇਨ ਦਾ ਧੰਨਵਾਦ ਕਰਦਾ ਹਾਂ। ਅਸੀਂ ਬਹੁਤ ਸਾਰੇ ਵਿਸ਼ਿਆਂ ‘ਤੇ ਗੱਲਬਾਤ ਕੀਤੀ।” ਇਸ ਤੋਂ ਪਹਿਲਾਂ ਦਿਨ ਵਿੱਚ, ਜਿਲ ਬਾਈਡੇਨ ਨੇ ਪ੍ਰਧਾਨ ਮੰਤਰੀ ਮੋਦੀ ਦੀ ਨੈਸ਼ਨਲ ਸਾਇੰਸ ਫਾਊਂਡੇਸ਼ਨ (NSF) ਵਿੱਚ ਮੇਜ਼ਬਾਨੀ ਕੀਤੀ ਸੀ, ਜਿੱਥੇ ਉਨ੍ਹਾਂ ਨੇ ਸਿੱਖਿਆ ਅਤੇ ਕਾਰਜਬਲ ‘ਤੇ ਭਾਰਤ ਅਤੇ ਅਮਰੀਕਾ ਦੀਆਂ ਸਾਂਝੀਆਂ ਤਰਜੀਹਾਂ ਦੀ ਰੂਪਰੇਖਾ ਦੇਣ ਵਾਲੇ ਇੱਕ ਸਮਾਗਮ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਪਹਿਲੀ ਮਹਿਲਾ ਜਿਲ ਬਾਈਡੇਨ ਦੇ ਸੱਦੇ ‘ਤੇ 21 ਤੋਂ 24 ਜੂਨ ਤੱਕ ਅਮਰੀਕਾ ਦਾ ਦੌਰਾ ਕਰ ਰਹੇ ਹਨ।              

Add a Comment

Your email address will not be published. Required fields are marked *