ਨੈਸ਼ਨਲ ਹਾਈਵੇ ‘ਤੇ ਹੌਲਦਾਰ ਦੀ ਕਾਰ ਦੇ ਸ਼ੀਸ਼ੇ ਦੀ ਭੰਨਤੋੜ

ਖੰਨਾ – ਖੰਨਾ ‘ਚ ਬੁੱਧਵਾਰ ਰਾਤ ਕਰੀਬ 10 ਵਜੇ ਨੈਸ਼ਨਲ ਹਾਈਵੇ ‘ਤੇ ਚੋਰੀ ਦੀ ਵੱਡੀ ਵਾਰਦਾਤ ਵਾਪਰੀ, ਜਿਸ ਨਾਲ ਪੁਲਸ ਦੀ ਕਾਰਗੁਜ਼ਾਰੀ ‘ਤੇ ਮੁੜ ਤੋਂ ਸਵਾਲ ਖੜ੍ਹੇ ਹੋ ਗਏ ਹਨ। ਦਰਅਸਲ ਪੰਜਾਬ ਪੁਲਸ ਦੇ ਹੌਲਦਾਰ ਦੀ ਬ੍ਰੀਜਾ ਕਾਰ ਦਾ ਸ਼ੀਸ਼ਾ ਤੋੜ ਕੇ ਇੱਕ ਸੂਟਕੇਸ ਚੋਰੀ ਕਰ ਲਿਆ ਗਿਆ। ਸੂਟਕੇਸ ਵਿੱਚ ਕਰੀਬ 30 ਤੋਲੇ ਸੋਨਾ, 2 ਲੱਖ ਰੁਪਏ ਅਤੇ ਹੋਰ ਸਾਮਾਨ ਸੀ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਸ ਜਾਂਚ ‘ਚ ਲੱਗ ਗਈ। 

ਜਗਰਾਓਂ ਪੁਲਸ ਲਾਈਨ ਵਿਖੇ ਤਾਇਨਾਤ ਹੌਲਦਾਰ ਕੁਲਦੀਪ ਸਿੰਘ ਦੀ ਪਤਨੀ ਗੁਰਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ, ਨੂੰਹ ਅਤੇ ਲੜਕੀ ਸਮੇਤ ਬ੍ਰੀਜਾ ਕਾਰ ਵਿੱਚ ਜਗਰਾਓਂ ਤੋਂ ਸਰਹਿੰਦ ਨੂੰ ਜਾ ਰਹੇ ਸੀ। ਇਸ ਦੌਰਾਨ ਉਹ ਖੰਨਾ ਵਿਖੇ ਮਿਠਾਈ ਖਰੀਦਣ ਲਈ ਬੀਕਾਨੇਰ ਸਵੀਟਸ ਕੋਲ ਰੁਕੇ। ਫਿਰ ਉਹ ਮਿਠਾਈ ਦੀ ਦੁਕਾਨ ਦੇ ਬਾਹਰ ਗੋਲਗੱਪੇ ਖਾਣ ਲੱਗੇ। ਫਿਰ ਜਦੋਂ ਉਹ ਕਾਰ ਵਿਚ ਬੈਠਣ ਲੱਗੇ ਤਾਂ ਦੇਖਿਆ ਕਿ ਪਿਛਲੀ ਸੀਟ ਤੋਂ ਸੂਟਕੇਸ ਗਾਇਬ ਸੀ ਅਤੇ ਪਿਛਲੀ ਖਿੜਕੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਗੁਰਵਿੰਦਰ ਕੌਰ ਅਨੁਸਾਰ ਉਸਦੇ ਲੜਕੇ ਦਾ ਵਿਆਹ ਨਵੰਬਰ ਵਿੱਚ ਹੈ। ਇਸ ਲਈ ਉਨ੍ਹਾਂ ਨੇ ਸੋਨੇ ਦੇ ਗਹਿਣੇ ਪਹਿਲਾਂ ਹੀ ਖ਼ਰੀਦ ਲਏ ਸਨ। ਕੁਆਟਰਾਂ ਵਿੱਚ ਸੋਨਾ ਅਤੇ ਨਕਦੀ ਸੁਰੱਖਿਅਤ ਨਹੀਂ ਸੀ। ਇਸ ਕਾਰਨ ਉਹ ਨਾਲ ਲੈ ਕੇ ਜਾ ਰਹੇ ਸਨ ਪਰ ਰਸਤੇ ਵਿਚ ਇਹ ਵਾਰਦਾਤ ਵਾਪਰ ਗਈ।

ਦੂਜੇ ਪਾਸੇ ਪੁਲਸ ਵੀ ਇਸ ਘਟਨਾ ਨੂੰ ਲੈ ਕੇ ਦੁਚਿੱਤੀ ਵਿੱਚ ਹੈ। ਸਿਟੀ ਥਾਣਾ 1 ਦੇ ਐੱਸ.ਐੱਚ.ਓ. ਹੇਮੰਤ ਮਲਹੋਤਰਾ ਨੇ ਦੱਸਿਆ ਕਿ ਪਹਿਲੀ ਨਜ਼ਰ ਤੋਂ ਮਾਮਲਾ ਸ਼ੱਕੀ ਨਜ਼ਰ ਆ ਰਿਹਾ ਹੈ। ਕਿਉਂਕਿ ਸਫ਼ਰ ਦੌਰਾਨ ਇੰਨਾ ਸੋਨਾ ਆਪਣੇ ਨਾਲ ਲੈ ਕੇ ਜਾਣਾ ਸਮਝਦਾਰੀ ਦੀ ਗੱਲ ਨਹੀਂ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਜਿੱਥੇ ਇਹ ਘਟਨਾ ਵਾਪਰੀ ਉੱਥੇ ਕੋਈ ਕੈਮਰਾ ਨਹੀਂ ਲੱਗਾ ਹੈ। ਰੋਡ ਉਪਰ ਬਾਕੀ ਕੈਮਰੇ ਦੇਖੇ ਜਾ ਰਹੇ ਹਨ। ਪੁਲਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਉਮੀਦ ਹੈ ਕਿ ਇਸ ਵਾਰਦਾਤ ਨੂੰ ਛੇਤੀ ਹੱਲ ਕਰ ਲਿਆ ਜਾਵੇਗਾ। 

Add a Comment

Your email address will not be published. Required fields are marked *