ਟਾਈਟੈਨਿਕ ਦਿਖਾਉਣ ਗਈ ਲਾਪਤਾ ਪਣਡੁੱਬੀ ’ਚ ਫਸਿਆ ਪਾਕਿਸਤਾਨੀ ਰਈਸ ਤੇ ਉਸ ਦਾ ਬੇਟਾ

ਲੰਡਨ – ਪਾਕਿਸਤਾਨ ਦੇ ਸਭ ਤੋਂ ਅਮੀਰ ਲੋਕਾਂ ਵਿਚ ਸ਼ਾਮਲ ਸ਼ਹਿਜ਼ਾਦਾ ਦਾਊਦ (48) ਅਤੇ ਉਸ ਦਾ 19 ਸਾਲ ਦਾ ਬੇਟਾ ਸਲਮਾਨ ਦਾਊਦ ਸਮੇਤ 5 ਲੋਕ ਉਸ ਲਾਪਤਾ ਪਣਡੁੱਬੀ ਵਿਚ ਫਸੇ ਹੋਏ ਹਨ, ਜੋ ਡੁੱਬੇ ਹੋਏ ਟਾਈਟੈਨਿਕ ਨੂੰ ਦਿਖਾਉਣ ਲਈ ਗਈ ਸੀ। ਇਨ੍ਹਾਂ 5 ਲੋਕਾਂ ਵਿਚ ਇਕ ਬ੍ਰਿਟਿਸ਼ ਅਰਬਪਤੀ ਹਮੀਸ਼ ਹਾਰਡਿੰਗ ਵੀ ਹਨ।

ਇਨ੍ਹਾਂ ਤੋਂ ਇਲਾਵਾ ਫਰਾਂਸ ਦੇ ਮਸ਼ਹੂਰ ਖੋਜੀ ਪਾਲ ਹੈਨਰੀ ਨਾਰਜਿਓਲੈੱਟ ਅਤੇ ਓਸੀਅਨ ਗੇਟ ਦੇ ਸੀ. ਈ. ਓ. ਸਟੋਕਟਨ ਰਸ਼ ਸ਼ਾਮਲ ਹਨ। ਸ਼ਹਿਜ਼ਾਦਾ ਦਾਊਦ ਬ੍ਰਿਟੇਨ ਦੇ ਪ੍ਰਿੰਸੇਜ ਟਰੱਸਟ ਚੈਰਿਟੀ ਦੇ ਮੈਂਬਰ ਵੀ ਹਨ। ਸੰਪਰਕ ਗੁਆਉਣ ਤੋਂ ਪਹਿਲਾਂ ਪਣਡੁੱਬੀ ਟਾਈਟੈਨਿਕ ਦੇ ਮਲਬੇ ਨੇੜੇ ਸੀ। ਇਸ ਪਣਡੁੱਬੀ ਵਿਚ ਜੋ ਆਕਸੀਜਨ ਸੀ, ਉਹ ਸਿਰਫ 50 ਘੰਟੇ ਲਈ ਹੀ ਲੋੜੀਂਦੀ ਸੀ। ਇਹ ਪਣਡੁੱਬੀ ਸਥਾਨਕ ਸਮੇਂ ਮੁਤਾਬਕ ਐਤਵਾਰ ਸਵੇਰੇ 4 ਵਜੇ ਸਮੁੰਦਰ ਵਿਚ ਗਈ ਸੀ। ਅਜੇ ਤੱਕ ਇਸ ਪਣਡੁੱਬੀ ਦੀ ਸਥਿਤੀ ਦੀ ਜਾਣਕਾਰੀ ਵੀ ਨਹੀਂ ਲੱਗ ਸਕੀ ਹੈ। ਇਸ ਦੀ ਲੋਕੇਸ਼ਨ ਪਤਾ ਲੱਗਣ ਤੋਂ ਬਾਅਦ ਵੀ ਇਸ ਦੇ ਮਦਰਸ਼ਿਪ ਐੱਮ. ਵੀ. ਪੋਲਰ ਪ੍ਰਿੰਸ ਤੋਂ ਉਸ ਡੂੰਘਾਈ ਤੱਕ ਪੁੱਜਣ ਵਿਚ ਇਕ ਘੰਟਾ 45 ਮਿੰਟ ਦਾ ਸਮਾਂ ਲੱਗੇਗਾ। ਅਜਿਹੇ ਵਿਚ ਲੋਕਾਂ ਨੂੰ ਬਚਾਉਣ ਦੀ ਉਮੀਦ ਘੱਟ ਹੁੰਦੀ ਜਾ ਰਹੀ ਹੈ।

ਜਿਸ ਜਗ੍ਹਾ ’ਤੇ ਪਣਡੁੱਬੀ ਦਾ ਸੰਪਰਕ ਟੁੱਟਾ ਸੀ, ਉਹ ਜਗ੍ਹਾ ਐਟਲਾਂਟਿਕ ਸਾਗਰ ਵਿਚ 12500 ਫੁੱਟ ਦੀ ਡੂੰਘਾਈ ’ਤੇ ਹੈ। ਜਿਥੇ ਇਕਦਮ ਹਨੇਰਾ ਹੈ। ਇਹ ਜਗ੍ਹਾ ਕੈਨੇਡਾ ਦੇ ਨਿਊਫਾਊਂਡਲੈਂਡ ਦੇ ਤੱਟ ਤੋਂ 370 ਮੀਲ ਦੀ ਦੂਰੀ ’ਤੇ ਸਮੁੰਦਰ ਵਿਚ ਹੈ। ਸ਼ਹਿਜ਼ਾਦੇ ਦੀ ਪਤਨੀ ਕ੍ਰਿਸਟੀਨਾ ਅਤੇ ਬੇਟੀ ਐਲਿਨਾ ਉਨ੍ਹਾਂ ਦੀ ਜ਼ਿੰਦਗੀ ਲਈ ਪ੍ਰਾਰਥਨਾ ਕਰ ਰਹੀਆਂ ਹਨ।

Add a Comment

Your email address will not be published. Required fields are marked *