1 ਜੁਲਾਈ ਤੋਂ 24 ਫੁੱਟਵੀਅਰ ਉਤਪਾਦਾਂ ਲਈ ਲਾਗੂ ਹੋਣਗੇ ਗੁਣਵੱਤਾ ਮਾਪਦੰਡ : BIS

ਨਵੀਂ ਦਿੱਲੀ – ਜੁੱਤੀਆਂ-ਚੱਪਲਾਂ ਵਰਗੇ ਫੁੱਟਵੀਅਰ ਉਤਪਾਦਾਂ ਦੇ ਵੱਡੇ ਅਤੇ ਦਰਮਿਆਨ ਪੱਧਰ ਦੇ ਨਿਰਮਾਤਾਵਾਂ ਅਤੇ ਸਾਰੇ ਇੰਪੋਰਟਰਾਂ ਨੂੰ ਇਕ ਜੁਲਾਈ ਤੋਂ 24 ਉਤਪਾਦਾਂ ਲਈ ਲਾਜ਼ਮੀ ਗੁਣਵੱਤਾ ਮਾਪਦੰਡਾਂ ਦੀ ਪਾਲਣਾ ਕਰਨੀ ਹੋਵੇਗੀ। ਚੀਨ ਵਰਗੇ ਦੇਸ਼ਾਂ ਦੇ ਖਰਾਬ ਗੁਣਵੱਤਾ ਵਾਲੇ ਉਤਪਾਦਾਂ ਦਾ ਇੰਪੋਰਟ ਰੋਕਣ ਲਈ ਇਹ ਮਾਪਦੰਡ ਲਾਗੂ ਕੀਤੇ ਜਾ ਰਹੇ ਹਨ।

ਭਾਰਤੀ ਮਾਪਦੰਡ ਬਿਊਰੋ (ਬੀ. ਆਈ. ਐੱਸ.) ਦੇ ਡਾਇਰੈਕਟਰ ਜਨਰਲ ਪ੍ਰਮੋਟ ਕੁਮਾਰ ਤਿਵਾਡੀ ਨੇ ਸੋਮਵਾਰ ਨੂੰ ਕਿਹਾ ਕਿ ਫਿਲਹਾਲ ਇਹ ਗੁਣਵੱਤਾ ਮਾਪਦੰਡ ਵੱਡੇ ਅਤੇ ਦਰਮਿਆਨ ਪੱਧਰ ਦੇ ਨਿਰਮਾਤਾਵਾਂ ਅਤੇ ਇੰਪੋਰਟਰਾਂ ਲਈ ਲਾਗੂ ਕੀਤੇ ਜਾ ਰਹੇ ਹਨ ਪਰ ਇਕ ਜਨਵਰੀ, 2024 ਤੋਂ ਛੋਟੇ ਪੱਧਰ ਦੇ ਫੁੱਟਵੀਅਰ ਨਿਰਮਾਤਾਵਾਂ ਲਈ ਵੀ ਇਨ੍ਹਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਇਸ ਸਮਾਂ ਹੱਦ ’ਚ ਅੱਗੇ ਕੋਈ ਹੋਰ ਛੋਟ ਨਹੀਂ ਦਿੱਤੀ ਜਾਏਗੀ। ਗੁਣਵੱਤਾ ਕੰਟਰੋਲ ਆਰਡਰ (ਕਿਊ. ਸੀ. ਓ.) ਨਾਲ ਗੁਣਵੱਤਾਪੂਰਣ ਫੁੱਟਵੀਅਰ ਉਤਪਾਦਾਂ ਦਾ ਘਰੇਲੂ ਉਤਪਾਦਨ ਯਕੀਨੀ ਹੋ ਸਕੇਗਾ ਅਤੇ ਖਰਾਬ ਗੁਣਵੱਤਾ ਵਾਲੇ ਉਤਪਾਦਾਂ ਦੇ ਇੰਪੋਰਟ ’ਤੇ ਵੀ ਲਗਾਮ ਲੱਗੇਗੀ। ਸਰਕਾਰ ਨੇ ਅਕਤੂਬਰ 2020 ਵਿਚ 24 ਫੁੱਟਵੀਅਰ ਅਤੇ ਸਬੰਧਤ ਉਤਪਾਦਾਂ ਲਈ ਕਿਊ. ਸੀ. ਓ. ਨੂੰ ਨੋਟੀਫਾਈਡ ਕੀਤਾ ਸੀ ਪਰ ਬਾਅਦ ’ਚ ਇਸ ਦੀ ਸਮਾਂ ਹੱਦ ਤਿੰਨ ਵਾਰ ਵਧਾਈ ਜਾਂਦੀ ਰਹੀ।

ਇਸ ਵਾਰ ਵੀ ਫੁੱਟਵੀਅਰ ਨਿਰਮਾਤਾ ਇਸ ਨੂੰ ਅੱਗੇ ਵਧਾਉਣ ਦੀ ਮੰਗ ਕਰ ਰਹੇ ਸਨ ਪਰ ਸਰਕਾਰ ਨੇ ਇਸ ਨੂੰ ਇਕ ਜੁਲਾਈ ਤੋਂ ਲਾਗੂ ਕਰਨ ਦਾ ਫੈਸਲਾ ਕਰ ਲਿਆ ਹੈ। ਇਨ੍ਹਾਂ ਮਾਪਦੰਡਾਂ ਵਿਚ ਫੁੱਟਵੀਅਰ ਬਣਾਉਣ ’ਚ ਇਸਤੇਮਾਲ ਹੋਣ ਵਾਲੇ ਚਮੜੇ, ਪੀ. ਵੀ. ਸੀ. ਅਤੇ ਰਬੜ ਵਰਗੇ ਕੱਚੇ ਮਾਲ ਤੋਂ ਇਲਾਵਾ ਸੋਲ ਅਤੇ ਹੀਲ ਬਾਰੇ ਵੀ ਨਿਰਦੇਸ਼ ਦਿੱਤੇ ਗਏ ਹਨ। ਇਹ ਮਾਪਦੰਡ ਰਬੜ ਗਮ ਬੂਟ, ਪੀ. ਵੀ. ਸੀ. ਸੈਂਡਲ, ਰਬੜ ਹਵਾਈ ਚੱਪਲ, ਸਪੋਰਟਸ ਸ਼ੂਜ਼ ਅਤੇ ਦੰਗਾ ਰੋਕੂ ਜੁੱਤੀਆਂ ਵਰਗੇ ਉਤਪਾਦਾਂ ’ਤੇ ਲਾਗੂ ਹੋਣਗੇ।

Add a Comment

Your email address will not be published. Required fields are marked *