ਲੁਧਿਆਣਾ ’ਚ ਦੋ ਪਰਿਵਾਰਾਂ ਵਿਚਾਲੇ ਖੂਨੀ ਝੜਪ

ਲੁਧਿਆਣਾ : ਲੁਧਿਆਣਾ ਦੇ ਪਿੰਡ ਚੁਪਕੀ ’ਚ ਖੇਤਾਂ ਨੂੰ ਪਾਣੀ ਦੇਣ ਦੇ ਵਿਵਾਦ ਨੂੰ ਲੈ ਕੇ ਦੋ ਪਰਿਵਾਰਾਂ ’ਚ ਲੜਾਈ ਹੋ ਗਈ। ਇਹ ਲੜਾਈ ਇੰਨੀ ਵੱਧ ਗਈ ਕਿ ਦੋਵਾਂ ਪਰਿਵਾਰਾਂ ਵਿਚ ਗੋਲ਼ੀਆਂ ਚੱਲ ਗਈਆਂ। ਇਸ ਵਾਰਦਾਤ ਦਰਮਿਆਨ ਦੋਵਾਂ ਧਿਰਾਂ ਦੇ ਲਗਭਗ 5 ਲੋਕ ਜ਼ਖਮੀ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਕ ਧਿਰ ਦੇ ਜ਼ਖ਼ਮੀ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦੇ ਨਾਲ ਲੱਗਦੇ ਰਿਸ਼ਤੇਦਾਰਾਂ ਦੇ ਖੇਤ ਹਨ। ਐਤਵਾਰ ਦੇਰ ਰਾਤ ਯੁਗਰਾਜ ਸਿੰਘ ਖੇਤਾਂ ਨੂੰ ਪਾਣੀ ਲਗਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੇ ਜਾਣਬੁੱਝ ਕੇ ਆਪਣੇ ਖੇਤਾਂ ਵੱਲ ਪਾਣੀ ਛੱਡ ਦਿੱਤਾ। ਜਦੋਂ ਉਸ ਨੂੰ ਪਾਣੀ ਪਾਉਣ ਤੋਂ ਰੋਕਿਆ ਗਿਆ ਤਾਂ ਉਸ ਨੇ ਆਪਣੇ ਸਾਥੀਆਂ ਚਰਨਜੀਤ ਸਿੰਘ ਅਤੇ ਕੁਲਵੰਤ ਸਿੰਘ ਨਾਲ ਮਿਲ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਇਸ ਤੋਂ ਬਾਅਦ ਯੁਗਰਾਜ ਸਿੰਘ ਨੇ ਪਿਸਤੌਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿਚ 2 ਗੋਲੀਆਂ ਕਰਨਜੋਤ ਦੇ ਪੱਟ ਵਿਚ ਲੱਗੀਆਂ। ਦੂਜੇ ਪਾਸੇ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦੇ ਹੱਥ ਵਿਚ ਛੱਰੇ ਲੱਗੇ ਹਨ। ਪਰਿਵਾਰਕ ਮੈਂਬਰ ਨੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਅਤੇ ਗੋਲੀ ਚੱਲਣ ਦੀ ਸੂਚਨਾ ਡੇਹਲੋਂ ਪੁਲਸ ਨੂੰ ਦਿੱਤੀ।

ਇਸ ਤੋਂ ਇਲਾਵਾ ਦੂਜੀ ਧਿਰ ਦੇ ਯੁਗਰਾਜ ਸਿੰਘ ਨੇ ਕਰਨਜੋਤ ’ਤੇ ਦੋਸ਼ ਲਾਇਆ ਕਿ ਉਹ ਆਪਣੇ ਖੇਤਾਂ ਨੂੰ ਪਾਣੀ ਲਾ ਰਿਹਾ ਸੀ। ਉਸ ਸਮੇਂ ਕਰਨਜੋਤ ਉਥੇ ਆ ਗਿਆ ਅਤੇ ਪਾਣੀ ਨੂੰ ਰੋਕਣ ਲਈ ਬੰਨ੍ਹ ਲਗਾ ਦਿੱਤਾ। ਇਸ ਦੌਰਾਨ ਉਸ ਦੀ ਉਸ ਨਾਲ ਲੜਾਈ ਹੋ ਗਈ। ਕਰਨਜੋਤ ਨੇ ਕੁਝ ਲੋਕਾਂ ਨੂੰ ਮੌਕੇ ’ਤੇ ਬੁਲਾ ਕੇ ਹਮਲਾ ਕਰ ਦਿੱਤਾ। ਉਸ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਸੀ। ਹਮਲੇ ਵਿਚ ਉਹ, ਚਰਨਜੀਤ ਅਤੇ ਕੁਲਵੰਤ ਸਿੰਘ ਜ਼ਖ਼ਮੀ ਹੋ ਗਏ।

Add a Comment

Your email address will not be published. Required fields are marked *