ਮਨੀਕਰਨ ’ਚ ਸ਼ਰਧਾਲੂਆਂ ਤੇ ਸਥਾਨਕ ਲੋਕਾਂ ਵਿਚਾਲੇ ਝੜਪ; 4 ਜ਼ਖ਼ਮੀ

ਸ਼ਿਮਲਾ, 6 ਮਾਰਚ-: ਹਿਮਾਚਲ ਪ੍ਰਦੇਸ਼ ਦੇ ਮਨੀਕਰਨ ਵਿੱਚ ਇੱਕ ਮੇਲੇ ਦੌਰਾਨ ਪੰਜਾਬ ਤੋਂ ਆਏ ਕੁੱਝ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਵਿਚਾਲੇ ਹੋਈ ਝੜਪ ਵਿੱਚ ਚਾਰ ਵਿਅਕਤੀ ਜ਼ਖਮੀ ਹੋ ਗਏ। ਮਨੀਕਰਨ ਸਿੱਖਾਂ ਦਾ ਪ੍ਰਸਿੱਧ ਧਾਰਮਿਕ ਸਥਾਨ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਕੀਤੀਆਂ ਗਈਆਂ ਕੁਝ ਟਿੱਪਣੀਆਂ ਤੋਂ ਬਾਅਦ ਐਤਵਾਰ ਰਾਤ ਨੂੰ ਇਹ ਝੜਪ ਹੋਈ। ਇਸ ਤੋਂ ਬਾਅਦ ਕੁਝ ਸਥਾਨਕ ਲੋਕਾਂ ਨੇ ਯਾਤਰੀਆਂ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਇਸ ਦੇ ਜਵਾਬ ਵਿੱਚ ਯਾਤਰੀਆਂ ਨੇ ਵੀ ਪੱਥਰਬਾਜ਼ੀ ਕੀਤੀ। ਇਸ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਜਿਸ ਵਿਚ ਪੰਜਾਬ ਤੋਂ ਆਏ ਕੁੱਝ ਸ਼ਰਧਾਲੂ ਗੁਰਦੁਆਰਾ ਮਨੀਕਰਨ ਸਾਹਿਬ ਨੇੜੇ ਸਥਾਨਕ ਨਿਵਾਸੀਆਂ ਦੇ ਘਰਾਂ ’ਤੇ ਪਥਰਾਅ ਕਰਦੇ ਨਜ਼ਰ ਆ ਰਹੇ ਹਨ।

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਇਹ ਨੌਜਵਾਨਾਂ ਵਿਚਾਲੇ ਟਕਰਾਅ ਸੀ ਅਤੇ ਇਸ ਨੂੰ ਧਾਰਮਿਕ ਰੰਗਤ ਨਹੀਂ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਯਾਤਰੀਆਂ ਅਤੇ ਸ਼ਰਧਾਲੂਆਂ ਨੂੰ ਸੁਰੱਖਿਆ ਦੇਣਾ ਉਨ੍ਹਾਂ ਦਾ ਫਰਜ਼ ਹੈ। ਸੁੱਖੂ ਨੇ ਕਿਹਾ, ‘‘ਅਸੀਂ ਸਾਰੇ ਭੈਣ-ਭਰਾ ਹਾਂ। ਸਾਨੂੰ ਇਕੱਠੇ ਰਹਿਣਾ ਚਾਹੀਦਾ ਹੈ।’’

ਇਸ ਦੌਰਾਨ ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਕੁੱਝ ਸ਼ਰਧਾਲੂਆਂ ਵੱਲੋਂ ਔਰਤਾਂ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ, ਜਿਸ ਮਗਰੋਂ ਝੜਪ ਸ਼ੁਰੂ ਹੋ ਗਈ। ਉਧਰ ਸ਼ਰਧਾਲੂਆਂ ਨੇ ਦਾਅਵਾ ਕੀਤਾ ਸਥਾਨਕ ਵਿਅਕਤੀ ਦੀ ਟਿੱਪਣੀ ਤੋਂ ਬਾਅਦ ਝਗੜਾ ਹੋਇਆ। ਪੁਲੀਸ ਨੇ ਦੱਸਿਆ ਕਿ ਦੋਵੇਂ ਧਿਰਾਂ ਦੇ ਕੁਝ ਵਿਅਕਤੀ ਨਸ਼ੇ ਵਿੱਚ ਸਨ।

ਕੁੱਲੂ ਦੀ ਐੱਸਪੀ ਸਾਕਸ਼ੀ ਵਰਮਾ ਨੇ ਦੱਸਿਆ ਕਿ ਇੱਕ ਮੇਲੇ ਦੌਰਾਨ ਸਥਾਨਕ ਲੋਕਾਂ ਅਤੇ ਕਥਿਤ ਤੌਰ ’ਤੇ ਪੰਜਾਬ ਤੋਂ ਆਏ ਸ਼ਰਧਾਲੂਆਂ ਵਿਚਾਲੇ ਝੜਪ ਵਿੱਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਇਸ ਦੌਰਾਨ ਕਰੀਬ 4-5 ਵਾਹਨ ਵੀ ਨੁਕਸਾਨੇ ਗਏ। ਇਸ ਸਬੰਧੀ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਤੋਂ ਬਾਅਦ ਪੰਜਾਬ ਤੋਂ ਆਏ ਸੈਂਕੜੇ ਸ਼ਰਧਾਲੂਆਂ ਨੇ ਬਿਲਾਸਪੁਰ ਜ਼ਿਲ੍ਹੇ ਦੇ ਗੜ੍ਹਾ ਮੌਰਾ ਇਲਾਕੇ ਵਿੱਚ ਸੜਕ ਜਾਮ ਕਰ ਕੇ ਦੋਸ਼ ਲਾਇਆ ਕਿ ਹਿਮਾਚਲ ਪੁਲੀਸ ਵੱਲੋਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸਵਰਘਾਟ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਗੁੱਸੇ ’ਚ ਆਏ ਸ਼ਰਧਾਲੂਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਮਗਰੋਂ ਡੀਐੱਸਪੀ ਵਿਕਰਾਂਤ ਬੋਨਸਾਲਾ ਦੇ ਕਹਿਣ ’ਤੇ ਇੱਕ ਘੰਟੇ ਬਾਅਦ ਜਾਮ ਹਟਾਇਆ ਗਿਆ। ਘਟਨਾ ਤੋਂ ਬਾਅਦ ਹਿਮਾਚਲ ਪੁਲੀਸ ਦੇ ਡੀਜੀਪੀ ਸੰਜੈ ਕੁੰਡੂ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ ਗੱਲ ਕੀਤੀ। ਹਿਮਾਚਲ ਪੁਲੀਸ ਨੇ ਟਵੀਟ ਕੀਤਾ, “ਹਿਮਾਚਲ ਪ੍ਰਦੇਸ਼ ਵਿੱਚ ਸਾਰੇ ਸੈਲਾਨੀਆਂ ਅਤੇ ਸ਼ਰਧਾਲੂਆਂ ਦਾ ਸਵਾਗਤ ਹੈ।’’ ਟਵੀਟ ’ਚ ਲੋਕਾਂ ਨੂੰ ਝੂਠੀਆਂ ਖਬਰਾਂ ਅਤੇ ਅਫਵਾਹਾਂ ’ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਗਈ ਹੈ।

Add a Comment

Your email address will not be published. Required fields are marked *