ਪੰਜਾਬਣ ਨੂੰ ਮਿਲੇਗਾ ‘ਆਰਡਰ ਆਫ ਆਸਟ੍ਰੇਲੀਆ’ ਐਵਾਰਡ

ਮੁਹਾਲੀ –ਆਸਟ੍ਰੇਲੀਆ ਦੇ ਗਵਰਨਰ ਜਨਰਲ ਡੇਵਿਡ ਹਰਲੀਨ ਨੇ ਕਿੰਗ ਦੇ ਜਨਮ ਦਿਨ ’ਤੇ 1191 ਆਸਟ੍ਰੇਲੀਆ ਦੇ ਨਾਗਰਿਕਾਂ ਦੀ ਸੂਚੀ ਜਾਰੀ ਕੀਤੀ, ਜਿਨ੍ਹਾਂ ਨੂੰ ਵੱਖ-ਵੱਖ ਖੇਤਰਾਂ ਵਿਚ ਕੰਮ ਕਰਨ ਲਈ ਸਨਮਾਨਿਤ ਕਰਨ ਲਈ ਚੁਣਿਆ। ਇਸ ਸੂਚੀ ਵਿਚ 12 ਭਾਰਤੀ ਮੂਲ ਦੇ ਆਸਟ੍ਰੇਲੀਆਈ ਨਾਗਰਿਕਾਂ ਦੇ ਨਾਂ ਵੀ ਸ਼ਾਮਲ ਹਨ।

ਡਾ. ਸੁਨੀਤਾ ਸਿੱਧੂ ਢੀਂਡਸਾ ਇਕੱਲੀ ਪੰਜਾਬਣ ਹੈ, ਜਿਨ੍ਹਾਂ ਨੂੰ ਸਮਾਜ ਸੇਵਾ ਲਈ ਐਵਾਰਡ ਆਰਡਰ ਆਫ ਆਸਟ੍ਰੇਲੀਆ (ਓ. ਏ. ਐੱਮ.) ਜੋ ਭਾਰਤ ਦੇ ਪਦਮਸ਼੍ਰੀ ਦੇ ਬਰਾਬਰ ਹੈ, ਨਾਲ ਸਨਮਾਨਿਤ ਕੀਤਾ ਜਾਵੇਗਾ। ਡਾ. ਢੀਂਡਸਾ, ਜਿਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪੀਐੱਚ. ਡੀ. ਕੀਤੀ ਹੈ, ਤਕਰੀਬਨ 30 ਸਾਲ ਪਹਿਲਾਂ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ ਜਾ ਵਸੇ ਸਨ ਤੇ ਆਸਟ੍ਰੇਲੀਆ ਦੀ ਕੇਂਦਰੀ ਸਰਕਾਰ ਦੇ ਸਿਹਤ ਮੰਤਰਾਲੇ ’ਚੋਂ ਡਾਇਰੈਕਟਰ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ।

ਉਨ੍ਹਾਂ ਨੇ ਭਾਰਤੀ ਮੂਲ ਦੀਆਂ ਸਰਵਉੱਚ ਸੰਸਥਾਵਾਂ ’ਚ ਵੱਖ-ਵੱਖ ਅਹੁਦਿਆਂ ’ਤੇ ਕੰਮ ਕੀਤਾ ਹੈ। ਲੋਕ ਸੇਵਾ ਨੂੰ ਉਹ ਪਰਿਵਾਰ, ਸਿੱਖ ਧਰਮ ਤੇ ਪੰਜਾਬੀ ਸਮਾਜ ’ਚੋਂ ਮਿਲੀ ਗੁੜ੍ਹਤੀ ਦੇ ਤੌਰ ’ਤੇ ਦੇਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਕਿਸੇ ਨੂੰ ਸਨਮਾਨ ਮਿਲਦਾ ਹੈ ਤਾਂ ਉਸ ਸਨਮਾਨ ’ਤੇ ਸਨਮਾਨ ਮਿਲਣ ਵਾਲੇ ਤੋਂ ਪਹਿਲਾਂ ਪਰਿਵਾਰ, ਦੋਸਤਾਂ ਤੇ ਸਮਾਜ ਦਾ ਹੱਕ ਹੁੰਦਾ ਹੈ। ਉਹ ਮੰਨਦੇ ਹਨ ਕਿ ਜੋ ਲੋਕ ਸਮਾਜਸੇਵੀ ਹੁੰਦੇ ਹਨ, ਉਹ ਆਪਣੇ ਸਮਾਜ ਤੋਂ ਮਿਲੀਆਂ ਕਦਰਾਂ-ਕੀਮਤਾਂ ਦਾ ਸਤਿਕਾਰ ਕਰਦੇ ਹਨ ਤੇ ਸਮਾਜ ਦੇ ਰਿਣੀ ਹੁੰਦੇ ਹਨ।

ਉਨ੍ਹਾਂ ਨੇ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਵੱਧ ਤੋਂ ਵੱਧ ਸਮਾਜ ਸੇਵਾ ਨਾਲ ਜੁੜਨ ਤੇ ਨਸ਼ਿਆਂ ਤੇ ਹਥਿਆਰਾਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਹੈ। ਡਾ. ਢੀਂਡਸਾ ਨੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਇਸ ਸਨਮਾਨ ਲਈ ਉਨ੍ਹਾਂ ਦਾ ਨਾਂ ਭੇਜਿਆ, ਰੈਫਰੀ ਰਿਪੋਰਟਾਂ ਲਿਖੀਆਂ ਤੇ ਸਮਾਜ ਸੇਵਾ ਲਈ ਉਨ੍ਹਾਂ ਦੀ ਮੱਦਦ ਤੇ ਹੌਸਲਾ ਅਫ਼ਜ਼ਾਈ ਕੀਤੀ।

Add a Comment

Your email address will not be published. Required fields are marked *