ਸਕਾਟਲੈਂਡ : ਫਸਟ ਮਨਿਸਟਰ ਦੀ ਦੌੜ ’ਚ ਹਮਜ਼ਾ ਯੂਸਫ਼ ਨੇ ਮਾਰੀ ਬਾਜ਼ੀ

ਗਲਾਸਗੋ : ਸਕਾਟਲੈਂਡ ਦੀ ਫਸਟ ਮਨਿਸਟਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਉਪਰੰਤ ਨਿਕੋਲਾ ਸਟਰਜਨ ਦੀ ਥਾਂ ਅਜਿਹੇ ਨੇਤਾ ਦੀ ਭਾਲ ਸ਼ੁਰੂ ਹੋਈ ਸੀ, ਜੋ ਐੱਸ. ਐੱਨ. ਪੀ. ਨੇਤਾ ਵਜੋਂ ਪਾਰਟੀ ਦਾ ਭਾਰ ਆਪਣੇ ਮੋਢਿਆਂ ’ਤੇ ਝੱਲ ਸਕੇ। ਆਖ਼ਿਰ ਫਸਟ ਮਨਿਸਟਰ ਬਣਨ ਦੀ ਦੌੜ ਨੂੰ ਬਰੇਕਾਂ ਲੱਗ ਗਈਆਂ ਹਨ ਕਿਉਂਕਿ 37 ਸਾਲਾ ਹਮਜ਼ਾ ਯੂਸਫ਼ ਨੇ ਸਕਾਟਲੈਂਡ ਦੇ ਨਵੇਂ ਫਸਟ ਮਨਿਸਟਰ ਵਜੋਂ ਬਾਜ਼ੀ ਮਾਰ ਲਈ ਹੈ। ਜਾਣਕਾਰੀ ਮੁਤਾਬਕ ਹਮਜ਼ਾ ਯੂਸਫ਼ ਨੇ ਲੀਡਰਸ਼ਿਪ ਮੁਕਾਬਲੇ ਵਿਚ ਵਿਰੋਧੀਆਂ ਕੇਟ ਫੋਰਬਸ ਅਤੇ ਐਸ਼ ਰੀਗਨ ਨੂੰ ਹਰਾਇਆ, ਜਿਸ ਨੇ ਪਾਰਟੀ ਅੰਦਰ ਡੂੰਘੀਆਂ ਵੰਡੀਆਂ ਦਾ ਪਰਦਾਫਾਸ਼ ਕੀਤਾ। ਦੱਸ ਦੇਈਏ ਕਿ ਹਮਜ਼ਾ ਯੂਸਫ਼ ਯੂ.ਕੇ. ਦੀ ਵੱਡੀ ਪਾਰਟੀ ਦੀ ਅਗਵਾਈ ਕਰਨ ਵਾਲਾ ਪਹਿਲਾ ਮੁਸਲਮਾਨ ਨੌਜਵਾਨ ਹੈ।

ਇਸ ਸਮੇਂ ਮਿਸਟਰ ਯੂਸਫ਼ ਸਕਾਟਲੈਂਡ ਦੇ ਸਿਹਤ ਸਕੱਤਰ ਹਨ ਅਤੇ ਵਿਆਪਕ ਤੌਰ ’ਤੇ ਨਿਕੋਲਾ ਸਟਰਜਨ ਦਾ ਤਰਜੀਹੀ ਉੱਤਰਾਧਿਕਾਰੀ ਮੰਨਿਆ ਜਾਂਦਾ ਸੀ। ਹਾਲਾਂਕਿ ਉਨ੍ਹਾਂ ਸਪੱਸ਼ਟ ਤੌਰ ’ਤੇ ਮੁਕਾਬਲੇ ਵਿਚ ਕਿਸੇ ਵੀ ਉਮੀਦਵਾਰ ਦਾ ਸਮਰਥਨ ਨਹੀਂ ਕੀਤਾ। ਇਸ ਲੀਡਰਸ਼ਿਪ ਚੋਣ ਦਾ ਫੈਸਲਾ ਸਿੰਗਲ ਟਰਾਂਸਫਰੇਬਲ ਵੋਟ ਪ੍ਰਣਾਲੀ ਰਾਹੀਂ ਕੀਤਾ ਗਿਆ, ਜਿਸ ’ਚ ਐੱਸ. ਐੱਨ. ਪੀ. ਦੇ 72,169 ਮੈਂਬਰਾਂ ਵਿਚੋਂ 50,490 ਨੇ ਇਕ ਮਤਦਾਨ ਕੀਤਾ, ਜਿਨ੍ਹਾਂ ’ਚੋਂ ਜ਼ਿਆਦਾਤਰ ਆਨਲਾਈਨ ਸਨ। ਸਿੰਗਲ ਟਰਾਂਸਫਰੇਬਲ ਵੋਟ ਪ੍ਰਣਾਲੀ ’ਚ ਹਮਜ਼ਾ ਯੂਸਫ਼ ਨੇ 24,336 (48%), ਕੇਟ ਫੋਰਬਸ ਨੇ 20,559 (40%) ਅਤੇ ਐਸ਼ ਰੀਗਨ ਨੇ 5,599 (11%) ਵੋਟਾਂ ਲਈਆਂ। ਰੀਗਨ ਦੇ ਪਹਿਲੇ ਗੇੜ ’ਚ ਬਾਹਰ ਹੋਣ ਤੋਂ ਬਾਅਦ ਹਮਜ਼ਾ ਯੂਸਫ ਨੇ ਫੋਰਬਸ ਨੂੰ ਦੂਜੇ ਗੇੜ ਵਿਚ 48% ਦੇ ਮੁਕਾਬਲੇ 52% ਨਾਲ ਹਰਾਇਆ। ਹਮਜ਼ਾ ਯੂਸਫ ਨੂੰ 26,032 ਅਤੇ ਫੋਰਬਸ ਨੂੰ 23,890 ਵੋਟਾਂ ਮਿਲੀਆਂ। ਸਕਾਟਲੈਂਡ ਦੇ ਛੇਵੇਂ ਫਸਟ ਮਨਿਸਟਰ ਬਣਨ ਤੋਂ ਪਹਿਲਾਂ ਮੰਗਲਵਾਰ ਨੂੰ ਨਵੇਂ ਐੱਸ. ਐੱਨ. ਪੀ. ਨੇਤਾ ਨੂੰ ਸਕਾਟਿਸ਼ ਸੰਸਦ ਵਿਚ ਇਕ ਵੋਟ ਦਾ ਸਾਹਮਣਾ ਕਰਨਾ ਪਵੇਗਾ, ਜਿਸ ਨੂੰ ਜਿੱਤਣਾ ਲੱਗਭਗ ਯਕੀਨੀ ਹੈ।

ਜਿੱਤ ਉਪਰੰਤ ਹਮਜ਼ਾ ਯੂਸਫ ਨੇ ਬੇਹੱਦ ਸਿਆਣਪ ਭਰੀ ਟਿੱਪਣੀ ਕਰਦਿਆਂ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਅਸੀਂ ਸਿਰਫ ਮੁਕਾਬਲੇ ਦੇ ਵਿਰੋਧੀ ਸਾਂ। ਹੁਣ ਅਸੀਂ ਟੀਮ ਯੂਸਫ਼, ਟੀਮ ਕੇਟ ਜਾਂ ਟੀਮ ਐਸ਼ ਦੀ ਬਜਾਏ “ਇਕ ਟੀਮ” ਹਾਂ। ਅਸੀਂ ਹੁਣ ਫਿਰ ਇੱਕਜੁਟ ਹੋ ਕੇ ਸਕਾਟਲੈਂਡ ਦੀ ਆਜ਼ਾਦੀ ਲਈ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਮੈਨੂੰ ਇਉਂ ਮਹਿਸੂਸ ਹੋ ਰਿਹਾ ਹੈ, ਜਿਵੇਂ ਮੈਂ ਦੁਨੀਆ ਦਾ ਸਭ ਤੋਂ ਵੱਧ ਖੁਸ਼ਕਿਸਮਤ ਆਦਮੀ ਹੋਵਾਂ। ਮੈਂ 20 ਸਾਲ ਪਹਿਲਾਂ ਐੱਸ. ਐੱਨ. ਪੀ. ਦਾ ਲੜ ਫੜਿਆ ਸੀ ਤੇ ਅੱਜ ਪਾਰਟੀ ਪ੍ਰਮੁੱਖ ਵਜੋਂ ਖੜ੍ਹਾ ਹਾਂ। ਹਮਜ਼ਾ ਯੂਸਫ਼ ਨੇ ਲੱਗਭਗ ਛੇ ਦਹਾਕੇ ਪਹਿਲਾਂ ਪੰਜਾਬ ਤੋਂ ਸਕਾਟਲੈਂਡ ਆ ਵਸੇ ਆਪਣੇ ਪਰਿਵਾਰ ਦਾ ਜ਼ਿਕਰ ਕਰਦਿਆਂ ਫਖ਼ਰ ਨਾਲ ਕਿਹਾ ਕਿ ਉਨ੍ਹਾਂ ਦੇ ਬਜ਼ੁਰਗ ਇਸ ਮੁਲਕ ’ਚ ਆਉਣ ਵੇਲੇ ਅੰਗਰੇਜ਼ੀ ਦਾ ਇਕ ਲਫ਼ਜ਼ ਵੀ ਨਹੀਂ ਜਾਣਦੇ ਸਨ ਪਰ ਅੱਜ ਉਨ੍ਹਾਂ ਦਾ ਪੋਤਾ ਸਕਾਟਲੈਂਡ ਦਾ ਫਸਟ ਮਨਿਸਟਰ ਬਣ ਗਿਆ ਹੈ। ਉਨ੍ਹਾਂ ਸਕਾਟਲੈਂਡ ਦੇ ਲੋਕਾਂ ਨੂੰ ਯਕੀਨ ਦੁਆਇਆ ਕਿ ਉਹ ਉਨ੍ਹਾਂ ਦਾ ਪਿਆਰ ਅਤੇ ਵਿਸ਼ਵਾਸ ਹਾਸਲ ਕਰਨ ਲਈ ਹਰ ਸਾਹ ਅਰਪਣ ਕਰਦਿਆਂ ਤਨਦੇਹੀ ਨਾਲ ਕਾਰਜ ਕਰਨਗੇ। ਹਮਜ਼ਾ ਯੂਸਫ਼ ਦੀ ਜਿੱਤ ਸਬੰਧੀ ਸਾਬਕਾ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਰਸਮੀ ਵਧਾਈ ਪੇਸ਼ ਕਰਦਿਆਂ ਭਵਿੱਖੀ ਸਫ਼ਲਤਾ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਹਮਜ਼ਾ ਯੂਸਫ਼ ਵੱਲੋਂ ਸਕਾਟਲੈਂਡ ਦੇ ਫਸਟ ਮਨਿਸਟਰ ਬਣਨ ’ਤੇ ਏਸ਼ੀਅਨ ਭਾਈਚਾਰੇ ’ਚ ਬੇਹੱਦ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।

Add a Comment

Your email address will not be published. Required fields are marked *