ਜੂਨ ਤਿਮਾਹੀ ’ਚ 6-6.3 ਫ਼ੀਸਦੀ ਰਹੇਗੀ ਭਾਰਤ ਦੀ ਵਾਧਾ ਦਰ

ਨਵੀਂ ਦਿੱਲੀ – ਰੇਟਿੰਗ ਏਜੰਸੀ ਮੂਡੀਜ਼ ਦਾ ਅਨੁਮਾਨ ਹੈ ਕਿ ਚਾਲੂ ਵਿੱਤੀ ਸਾਲ (2023-24) ਦੀ ਪਹਿਲੀ ਜੂਨ ਨੂੰ ਖ਼ਤਮ ਹੋਣ ਵਾਲੀ ਤਿਮਾਹੀ ਵਿਚ ਭਾਰਤੀ ਅਰਥਵਿਵਸਥਾ 6-6.3 ਫ਼ੀਸਦੀ ਦੀ ਦਰ ਨਾਲ ਵਧੇਗੀ। ਇਸ ਦੇ ਨਾਲ ਹੀ ਮੂਡੀਜ਼ ਨੇ ਸਰਕਾਰ ਦਾ ਮਾਲੀਆ ਉਮੀਦ ਨਾਲੋਂ ਘੱਟ ਰਹਿਣ ਕਰ ਕੇ ਫਿਸਕਲ ਮੋਰਚੇ ’ਤੇ ‘ਫਿਸਲਣ’ ਦਾ ਵੀ ਸ਼ੱਕ ਪ੍ਰਗਟ ਕੀਤਾ ਹੈ। ਮੂਡੀਜ਼ ਦੀ ਵਾਧਾ ਦਰ ਦਾ ਅਨੁਮਾਨ ਪਹਿਲੀ ਤਿਮਾਹੀ ਲਈ ਭਾਰਤੀ ਰਿਜ਼ਰਵ ਬੈਂਕ ਦੇ 8 ਫ਼ੀਸਦੀ ਦੇ ਅਨੁਮਾਨ ਨਾਲੋਂ ਕਾਫ਼ੀ ਘੱਟ ਹੈ। ਮੂਡੀਜ਼ ਇਨਵੈਸਟਰ ਸਰਵਿਸਿਜ਼ ਦੇ ਐਸੋਸਈਏਟ ਮੈਨੇਜਿੰਗ ਡਾਇਰੈਕਟਰ ਜੀਨ ਫੈਂਗ ਨੇ ਕਿਹਾ ਕਿ 2022-23 ਲਈ ਭਾਰਤ ਦਾ ਆਮ ਸਰਕਾਰੀ ਕਰਜ਼ਾ ਜੀ. ਡੀ. ਪੀ. ਦੇ ਕਾਫ਼ੀ ਉੱਚ ਪੱਧਰ ’ਤੇ ਰਿਹਾ ਹੈ, ਜਦੋਂਕਿ ਕਰਜ਼ਾ ਸਮਰੱਥਾ ਇਸ ਨਾਲੋਂ ਕਾਫ਼ੀ ਘੱਟ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤ ਕੋਲ ਉੱਚ ਵਾਧਾ ਹਾਸਲ ਕਰਨ ਦੀ ਸਮਰੱਥਾ ਹੈ ਅਤੇ ਇਸ ਦੀ ਤਾਕਤ ਸਰਕਾਰੀ ਕਰਜ਼ੇ ਲਈ ਸਥਿਰ ਘਰੇਲੂ ਵਿੱਤੀ ਆਧਾਰ ਅਤੇ ਮਜ਼ਬੂਤ ਬਾਹਰੀ ਸਥਿਤੀ ਹੈ। ਫੈਂਗ ਨੇ ਕਿਹਾ,“ਸਾਡਾ ਅਨੁਮਾਨ ਹੈ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਭਾਰਤ ਦੀ ਵਾਧਾ ਦਰ ਲਗਭਗ 6-6.3 ਫ਼ੀਸਦੀ ਹੋਵੇਗੀ, ਜੋ ਵਿੱਤੀ ਸਾਲ 2022-23 ਦੀ ਅੰਤਿਮ ਤਿਮਾਹੀ ਵਿਚ ਦਰਜ 6.1 ਫ਼ੀਸਦੀ ਦੇ ਵਾਧੇ ਦੇ ਆਸ-ਪਾਸ ਹੀ ਹੈ।’’

ਉਨ੍ਹਾਂ ਕਿਹਾ ਕਿ ਕਰੰਸੀ ਫੈਲਾਅ ਦੇ ਹੇਠਾਂ ਆਉਣ ਕਾਰਨ ਸਾਨੂੰ ਉਮੀਦ ਹੈ ਕਿ ਪਰਿਵਾਰਾਂ ਦੀ ਮੰਗ ਸੁਧਰੇਗੀ।‘ਬੀ. ਏ. ਏ. 3’ ਦੀ ਸਾਵਰੇਨ ਰੇਟਿੰਗ ਦੇ ਨਾਲ ਭਾਰਤ ਦੀ ਤਾਕਤ ਉਸ ਦੀ ਵੱਡੀ ਅਤੇ ਵੰਨ-ਸੁਵੰਨਤਾ ਵਾਲੀ ਅਰਥਵਿਵਸਥਾ ਹੈ, ਜਿਸ ਵਿਚ ਉੱਚੀ ਵਾਧਾ ਦਰ ਹਾਸਲ ਕਰਨ ਦੀ ਸਮਰੱਥਾ ਹੈ। ਇਸ ਦਾ ਅੰਦਾਜ਼ਾ ਕਮਜ਼ੋਰ ਸੰਸਾਰਕ ਆਰਥਿਕ ਮਾਹੌਲ ਵਿਚਾਲੇ ਵਾਧੇ ਦੇ ਮਜ਼ਬੂਤ ਅਨੁਮਾਨ ਤੋਂ ਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਫਿਸਕਲ ਪਾਲਿਸੀ ’ਤੇ ਚਿੰਤਾਵਾਂ ਨੂੰ ਦੂਰ ਕਰਦੇ ਹੋਏ ਪਿਛਲੇ 2 ਸਾਲਾਂ ਵਿਚ ਆਪਣੇ ਫਿਸਕਲ ਟੀਚਿਆਂ ਨੂੰ ਵਿਆਪਕ ਤੌਰ ’ਤੇ ਹਾਸਲ ਕੀਤਾ ਹੈ। 

ਦੱਸ ਦੇਈਏ ਕਿ ਸਰਕਾਰ ਦਾ ਫਿਸਕਲ ਘਾਟਾ ਘਟ ਕੇ ਜੀ. ਡੀ. ਪੀ. ਦਾ 6.4 ਫ਼ੀਸਦੀ ਰਹਿ ਗਿਆ ਹੈ। ਸਰਕਾਰ ਦੇ ਖ਼ਰਚੇ ਤੇ ਮਾਲੀਏ ਦੇ ਫਰਕ ਨੂੰ ਫਿਸਕਲ ਘਾਟਾ ਕਿਹਾ ਜਾਂਦਾ ਹੈ। ਚਾਲੂ ਵਿੱਤੀ ਸਾਲ ਵਿਚ ਫਿਸਕਲ ਘਾਟੇ ਦਾ ਟੀਚਾ 5.9 ਫ਼ੀਸਦੀ ਰੱਖਿਆ ਗਿਆ ਹੈ। ਫੈਂਗ ਨੇ ਕਿਹਾ,“ਹਾਲਾਂਕਿ ਸਰਕਾਰ ਉੱਚ ਕਰੰਸੀ ਫੈਲਾਅ, ਕਮਜ਼ੋਰ ਸੰਸਾਰਕ ਮੰਗ ਅਤੇ ਮਈ, 2024 ਵਿਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਅਰਥਵਿਵਸਥਾ ਨੂੰ ਸਮਰਥਨ ਦੇਣ ਦੀ ਆਪਣੀ ਵਧੇਰੇ ਤੁਰੰਤ ਤਰਜੀਹ ਖ਼ਿਲਾਫ਼ ਲੰਮੇ ਸਮੇਂ ਦੀ ਫਿਸਕਲ ਸਥਿਰਤਾ ਪ੍ਰਤੀ ਵਚਨਬੱਧਤਾ ਨੂੰ ਸੰਤੁਲਿਤ ਕਰ ਰਹੀ ਹੈ। ਅਜਿਹੀ ਸਥਿਤੀ ’ਚ ਸਾਨੂੰ ਲੱਗਦਾ ਹੈ ਕਿ ਫਿਸਕਲ ਮੋਰਚੇ ’ਤੇ ਫਿਸਲਣ ਦਾ ਸ਼ੱਕ ਹੈ।

ਮੂਡੀਜ਼ ਦਾ ਅਨੁਮਾਨ ਹੈ ਕਿ ਪੂਰੇ 2023-24 ਦੇ ਵਿੱਤੀ ਸਾਲ ਵਿਚ ਭਾਰਤੀ ਅਰਥਵਿਵਸਥਾ ਦੀ ਵਾਧਾ ਦਰ 6.1 ਫ਼ੀਸਦੀ ਰਹੇਗੀ, ਜਦੋਂਕਿ ਅਗਲੇ ਵਿੱਤੀ ਸਾਲ ਵਿਚ ਇਹ 6.3 ਫ਼ੀਸਦੀ ’ਤੇ ਪਹੁੰਚ ਜਾਵੇਗੀ। ਕੈਲੇਂਡਰ ਸਾਲ ਦੇ ਆਧਾਰ ’ਤੇ ਮੂਡੀਜ਼ ਨੂੰ 2023 ਵਿਚ ਵਾਧਾ ਦਰ ਦੇ 5.5 ਫ਼ੀਸਦੀ ’ਤੇ ਰਹਿਣ ਦੀ ਉਮੀਦ ਹੈ, ਜੋ 2024 ਵਿਚ ਵਧ ਕੇ 6.5 ਫ਼ੀਸਦੀ ਹੋ ਸਕਦੀ ਹੈ। ਪਿਛਲੇ ਹਫ਼ਤੇ ਭਾਰਤੀ ਰਿਜ਼ਰਵ ਬੈਂਕ ਨੇ ਮੋਨੇਟਰੀ ਪਾਲਿਸੀ ਦੀ ਸਮੀਖਿਆ ਵਿਚ ਚਾਲੂ ਵਿੱਤੀ ਸਾਲ ’ਚ ਵਾਧਾ ਦਰ ਦੇ 6.5 ਫ਼ੀਸਦੀ ’ਤੇ ਰਹਿਣ ਦਾ ਅਨੁਮਾਨ ਲਗਾਇਆ ਹੈ।

Add a Comment

Your email address will not be published. Required fields are marked *