ਫਰੀਦਕੋਟ ਦੀ ਹਰਪ੍ਰੀਤ ਕੌਰ ਨੇ ਕੈਨੇਡਾ ‘ਚ ਰੌਸ਼ਨ ਕੀਤਾ ਪੰਜਾਬ ਦਾ ਨਾਂ

ਫਰੀਦਕੋਟ- ਪਿੰਡ ਬੁਰਜ ਹਰੀਕਾ ਦੀ ਵਸਨੀਕ ਹਰਪ੍ਰੀਤ ਕੌਰ ਨੇ ਕੈਨੇਡੀਅਨ ਪੁਲਸ ‘ਚ ਕਾਂਸਟੇਬਲ ਵਜੋਂ ਭਰਤੀ ਹੋ ਕੇ ਆਪਣੇ ਪਿੰਡ ਸਮੇਤ ਜ਼ਿਲ੍ਹੇ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਹਰਪ੍ਰੀਤ ਕੌਰ ਦੀ ਪ੍ਰਾਪਤੀ ਨੂੰ ਲੈ ਕੇ ਘਰ ‘ਚ ਹੀ ਨਹੀਂ ਸਗੋਂ ਪੂਰੇ ਪਿੰਡ ‘ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਹਰ ਕੋਈ ਇਕ-ਦੂਜੇ ਨੂੰ ਵਧਾਈਆਂ ਦੇ ਕੇ ਹਰਪ੍ਰੀਤ ਕੌਰ ’ਤੇ ਮਾਣ ਮਹਿਸੂਸ ਕਰ ਰਿਹਾ ਹੈ। 

ਜਾਣਕਾਰੀ ਅਨੁਸਾਰ ਪਿੰਡ ਬੁਰਜ ਹਰੀਕਾ ਦੇ ਵਸਨੀਕ ਸਤਨਾਮ ਸਿੰਘ ਦੀ ਧੀ ਹਰਪ੍ਰੀਤ ਕੌਰ ਮੁਕਤਸਰ ਤੋਂ ਬੀਟੈੱਕ ਕਰਨ ਤੋਂ ਬਾਅਦ ਸਾਲ 2013 ਵਿੱਚ ਕੈਨੇਡਾ ਚਲੀ ਗਈ ਸੀ ਅਤੇ ਉੱਥੇ ਜਾ ਕੇ ਵੀ ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖੀ। ਸਤਨਾਮ ਸਿੰਘ ਦੀਆਂ 3 ਧੀਆਂ ਅਤੇ ਇੱਕ ਪੁੱਤਰ ਹੈ, ਜਿਸ ‘ਚੋਂ ਸਭ ਵੱਡੀ ਧੀ ਹਰਪ੍ਰੀਤ ਕੌਰ ਹੈ। 

ਹਰਪ੍ਰੀਤ ਕੌਰ ਨੇ ਕੈਨੇਡੀਅਨ ਪੁਲਸ ‘ਚ ਭਰਤੀ ਹੋ ਕੇ ਪੂਰੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ। ਕੈਨੇਡਾ ਪੁਲਸ ਨੇ 200 ਕਾਂਸਟੇਬਲਾਂ ਦੀ ਭਰਤੀ ਕੀਤੀ ਹੈ, ਜਿਨ੍ਹਾਂ ਵਿਚੋਂ ਹਰਪ੍ਰੀਤ ਕੌਰ ਪੰਜਾਬ ਦੀ ਇਕਲੌਤੀ ਕੁੜੀ ਹੈ, ਜਿਸ ਵਿਚ ਪੰਜਾਬ ਦਾ ਇਕ ਮੁੰਡਾ ਵੀ ਚੁਣਿਆ ਗਿਆ ਹੈ।  

ਹਰਪ੍ਰੀਤ ਦੇ ਬਾਕੀ ਤਿੰਨੋਂ ਭੈਣ-ਭਰਾ ਵੀ ਵਿਦੇਸ਼ ‘ਚ ਰਹਿ ਰਹੇ ਹਨ ਜਦਕਿ ਪਿਤਾ ਪਿੰਡ ‘ਚ ਇੱਕ ਪ੍ਰਾਈਵੇਟ ਵੈਟਰਨਰੀ ਡਾਕਟਰ ਹੈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਹਰਪ੍ਰੀਤ ਕੌਰ ਦੇ ਜੱਦੀ ਘਰ ‘ਚ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਗਈ ਹੈ ਅਤੇ ਹਰ ਕੋਈ ਇੱਕ-ਦੂਜੇ ਨੂੰ ਵਧਾਈਆਂ ਦੇ ਕੇ ਮਾਣ ਮਹਿਸੂਸ ਕਰ ਰਿਹਾ ਹੈ।

Add a Comment

Your email address will not be published. Required fields are marked *