ਵਿਦੇਸ਼ ਭੇਜੇ ਜਾ ਰਹੇ ਕੱਪੜਿਆਂ ਦਾ ਆੜ ‘ਚ ਹੋ ਰਿਹਾ ਸੀ ਨਸ਼ਾ ਸਪਲਾਈ

ਸਾਹਨੇਵਾਲ : ਕੱਪੜਿਆਂ ਦਾ ਇਕ ਪਾਰਸਲ ਵਿਦੇਸ਼ ਭੇਜਣ ਦੀ ਆੜ ’ਚ ਨਸ਼ਾ ਸਪਲਾਈ ਕਰਨ ਦੇ ਇਕ ਮਾਮਲੇ ਦਾ ਕੋਰੀਅਰ ਕੰਪਨੀ ਵੱਲੋਂ ਪਰਦਾਫਾਸ਼ ਕੀਤਾ ਗਿਆ। ਸ਼ਿਕਾਇਤ ਮਿਲਣ ’ਤੇ ਥਾਣਾ ਸਾਹਨੇਵਾਲ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਗਵਾਹਾਂ ਦੀ ਹਾਜ਼ਰੀ ’ਚ ਵੀਡਿਓਗ੍ਰਾਫੀ ਕਰਵਾ ਪਾਰਸਲ ਨੂੰ ਚੈੱਕ ਕਰਨ ’ਤੇ ਅਫੀਮ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣੇਦਾਰ ਰਾਜਵੰਤ ਸਿੰਘ ਨੇ ਦੱਸਿਆ ਕਿ ਬੀਤੀ 28 ਮਾਰਚ ਨੂੰ ਡੀ.ਐੱਚ.ਐੱਲ. ਕੋਰੀਅਰ ਕੰਪਨੀ, ਢੰਡਾਰੀ ਖੁਰਦ ਦੇ ਨਿਤਨ ਕਪੂਰ ਨੇ ਦੱਸਿਆ ਕਿ ਉਹ ਬਤੌਰ ਪੰਜਾਬ ਕਲਸਟਰ ਹੈੱਡ ਕੰਮ ਕਰਦਾ ਹੈ।

ਕੰਪਨੀ ’ਚ ਇਕ ਕੋਰੀਅਰ ਨੰਬਰ ਏ.ਡਬਲਿਯੂ.ਬੀ. 8205056860 ਪ੍ਰਾਪਤ ਹੋਇਆ। ਜੋ ਕਿ ਨਰਿੰਦਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਇਬਰਾਹੀਮਪੁਰ ਮਿਆਣੀ, ਹੁਸ਼ਿਆਰਪੁਰ ਵੱਲੋਂ ਮੱਖਣ ਸਿੰਘ ਵਾਸੀ 360 ਰਿੱਚ ਫੀਲਡ ਰੋਡ, ਪਲੈਮਲਵੇਨੀਆ, ਯੂ.ਐੱਸ.ਏ. ਦੇ ਨਾਮ ‘ਤੇ ਬੁੱਕ ਕੀਤਾ ਗਿਆ ਸੀ, ਜਦੋਂ ਇਨ੍ਹਾਂ ਕੱਪੜਿਆਂ ਦੀ ਸਕੈਨਿੰਗ ਕੀਤੀ ਗਈ ਤਾਂ ਜਾਂਚ ਦੌਰਾਨ ਪਾਰਸਲ ’ਚ ਨਸ਼ੀਲੇ ਪਦਾਰਥ ਬਾਰੇ ਸ਼ੱਕ ਹੋਇਆ।

ਇਸ ਦੇ ਬਾਅਦ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਥਾਣੇਦਾਰ ਰਾਜਵੰਤ ਸਿੰਘ ਨੇ ਦੱਸਿਆ ਕਿ ਗਵਾਹਾਂ ਦੀ ਹਾਜ਼ਰੀ ’ਚ ਵੀਡਿਓਗ੍ਰਾਫੀ ਰਾਹੀਂ ਪਾਰਸਲ ਦੀ ਚੈਕਿੰਗ ਕਰਨ ’ਤੇ ਕੱਪੜਿਆਂ ’ਚ ਲਪੇਟੀ ਹੋਈ 74.41 ਗ੍ਰਾਮ ਅਫੀਮ, 3 ਜੈਕਟਾਂ ਅਤੇ ਹੋਰ ਕੱਪੜੇ ਬਰਾਮਦ ਕੀਤੇ ਗਏ। ਇਸ ਤੋਂ ਬਾਅਦ ਨਰਿੰਦਰ ਸਿੰਘ ਪੁੱਤਰ ਤੇਜ਼ਾ ਸਿੰਘ ਵਾਸੀ ਉਕਤ ਦੇ ਖਿਲਾਫ਼ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ। ਪੁਲਸ ਨੇ ਨਾਮਜ਼ਦ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Add a Comment

Your email address will not be published. Required fields are marked *