ਸਿੱਧੂ ਨੇ ਮੁੱਖ ਮੰਤਰੀ ਦੀ ਕੁਰਸੀ ਮਾਨ ਨੂੰ ‘ਤੋਹਫ਼ੇ’ ’ਚ ਦਿੱਤੀ: ਨਵਜੋਤ ਕੌਰ

ਚੰਡੀਗੜ੍ਹ, 9 ਜੂਨ-: ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਤੀ ਨੇ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ‘ਤੋਹਫੇ’ ਵਿੱਚ ਦਿੱਤੀ ਹੈ। ਨਵਜੋਤ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਪਾਰਟੀ ਦੀ ਕਮਾਨ ਸਾਬਕਾ ਕ੍ਰਿਕਟਰ ਨੂੰ ਸੌਂਪਣਾ ਚਾਹੁੰਦੇ ਸੀ, ਪਰ ਸਿੱਧੂ ਨੇ ਆਪਣੀ ਕਾਂਗਰਸ ਪਾਰਟੀ ਨਾਲ ਧੋਖਾ ਨਹੀਂ ਕੀਤਾ। ਸਾਬਕਾ ਵਿਧਾਇਕ ਨਵਜੋਤ ਕੌਰ ਦਾ ਇਹ ਬਿਆਨ ਪਿਛਲੇ ਕੁਝ ਸਮੇਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੀ ਸ਼ਬਦੀ ਜੰਗ ਦੇ ਮੱਦੇਨਜ਼ਰ ਆਇਆ ਹੈ। 

ਨਵਜੋਤ ਕੌਰ ਨੇ ਲੜੀਵਾਰ ਟਵੀਟਾਂ ਵਿੱਚ ਕਿਹਾ, ‘‘ਮੁੱਖ ਮੰਤਰੀ ਭਗਵੰਤ ਮਾਨ ਮੈਨੂੰ ਅੱਜ ਇਕ ਰਾਜ਼ ਦਾ ਖੁਲਾਸਾ ਕਰਨ ਦਿਓ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਤੁਸੀਂ ਜਿਸ ਮਾਣ ਵਾਲੀ ਕੁਰਸੀ ’ਤੇ ਬੈਠੇ ਹੋ, ਉਹ ਤੁਹਾਨੂੰ ਤੁਹਾਡੇ ਵੱਡੇ ਭਰਾ ਨਵਜੋਤ ਸਿੱਧੂ ਨੇ ਤੋਹਫ਼ੇ ਵਿਚ ਦਿੱਤੀ ਹੈ। ਤੁਹਾਡੇ ਆਪਣੇ ਸਭ ਤੋਂ ਸੀਨੀਅਰ ਨੇਤਾ ਦੀ ਇੱਛਾ ਸੀ ਕਿ ਨਵਜੋਤ ਪੰਜਾਬ ਦੀ ਕਮਾਨ ਸੰਭਾਲੇ।’’ ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕਈ ਵਾਰ ਨਵਜੋਤ ਸਿੰਘ ਸਿੱਧੂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਪਾਰਟੀ ਦੀ ਕਮਾਨ ਸੰਭਾਲਣ ਲਈ ਕਿਹਾ ਸੀ, ਪਰ ਨਵਜੋਤ ਨੇ ਕਾਂਗਰਸ ਨੂੰ ਧੋਖਾ ਨਹੀਂ ਦਿੱਤਾ। ਉਨ੍ਹਾਂ ਨੇ ਪੰਜਾਬ ਦੀ ਖ਼ੁਸ਼ਹਾਲੀ ਲਈ ਸਭ ਕੁਝ ਕੁਰਬਾਨ ਕਰ ਦਿੱਤਾ। ਨਵਜੋਤ ਕੌਰ ਨੇ ਇਕ ਹੋਰ ਟਵੀਟ ਵਿੱਚ ਕਿਹਾ, ‘‘ਤੁਸੀਂ ਸੱਚ ਦੇ ਰਾਹ ’ਤੇ ਤੁਰੋ ਤੇ ਉਹ ਤੁਹਾਡੀ ਪੂਰੀ ਹਮਾਇਤ ਕਰੇਗਾ, ਪਰ ਜਿਸ ਪਲ ਤੁਸੀਂ ਆਪਣੇ ਰਾਹ ਤੋਂ ਥਿੜਕੇ, ਉਹ ਤੁਹਾਨੂੰ ਦੋਵਾਂ ਪਾਸਿਆਂ ਤੋਂ ਨਿਸ਼ਾਨਾ ਬਣਾਏਗਾ। ਰੰਗਲਾ ਪੰਜਾਬ ਉਸ ਦਾ ਸੁਫ਼ਨਾ ਹੈ ਤੇ ਉਹ ਇਸ ਨੂੰ ਰੋਜ਼ ਜਿਊਂਦਾ ਹੈ।’’ ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀਂ ਜਲੰਧਰ ਵਿੱਚ ਵਿਰੋਧੀ ਧਿਰਾਂ ਦੇ ਆਗੂਆਂ ਦੇ ਹੋਏ ਇਕੱਠ ਦੇ ਹਵਾਲੇ ਨਾਲ ਇਨ੍ਹਾਂ ਆਗੂਆਂ ਨੂੰ ‘ਇਕੋ ਥਾਲੀ ਦੇ ਚੱਟੇ-ਬੱਟੇ’ ਕਰਾਰ ਦਿੱਤਾ ਸੀ। 

Add a Comment

Your email address will not be published. Required fields are marked *