Instagram ਦੀ ਦੋਸਤੀ ਨੇ ਲਈ ਮੈਡਲ ਜੇਤੂ ਖਿਡਾਰਣ ਦੀ ਜਾਨ

ਜਬਲਪੁਰ: ਮੱਧ ਪ੍ਰਦੇਸ਼ ਵਿਚ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰਨ ਵਾਲੀ ਰਾਸ਼ਟਰੀ ਪੱਧਰ ਦੀ ਬੇਸਬਾਲ ਖਿਡਾਰਣ ਨੂੰ ਬਲੈਕਮੇਲ ਕਰਨ, ਉਸ ਤੋਂ ਪੈਸੇ ਠੱਗਣ ਤੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ 35 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਜਬਲਪੁਰ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਜੀਵਨੀ ਨਗਰ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੰਜਨਾ ਬਰਕੜੇ (20) ਨੇ ਸੋਮਵਾਰ ਨੂੰ ਉਸ ਸਮੇਂ ਫਾਹਾ ਲੈ ਕੇ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ ਸੀ, ਜਦੋਂ ਉਸ ਦੇ ਮਾਪੇ ਘਰ ਵਿਚ ਮੌਜੂਦ ਨਹੀਂ ਸਨ। 

ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਪੁਲਸ ਅਬਦੁਲ ਮੰਸੂਰੀ ਦੇ ਨਾਂ ਦੇ ਦੋਸ਼ੀ ਤਕ ਪਹੁੰਚੀ, ਜਿਸ ਨੇ ਖ਼ੁਦ ਨੂੰ ਰਾਜਨ ਦੱਸ ਕੇ ਸੋਸ਼ਲ ਮੀਡੀਆ ਪਲੇਟਫ਼ਾਰਮ ‘ਤੇ ਸੰਜਨਾ ਨਾਲ ਦੋਸਤੀ ਕੀਤੀ ਸੀ। ਪੁਲਸ ਇੰਸਪੈਕਟਰ ਕ੍ਰਾਂਤੀ ਬਾਰਵੇ ਨੇ ਦੱਸਿਆ ਕਿ ਮ੍ਰਿਤਕ ਦੇ ਮਾਪਿਆਂ ਮੁਤਾਬਕ, ਮੰਸੂਰੀ ਨੇ ਖ਼ੁਦ ਨੂੰ ਰਾਜਨ ਦੱਸਿਆ ਸੀ ਤੇ ਇਕ ਸਾਲ ਪਹਿਲਾਂ ਇੰਸਟਾਗ੍ਰਾਮ ‘ਤੇ ਸੰਜਨਾ ਨਾਲ ਦੋਸਤੀ ਕੀਤੀ ਸੀ। ਮੁਲਜ਼ਮ ਨੇ ਸੰਜਨਾ ਦੇ ਕੁੱਝ ਵੀਡੀਓ ਬਣਾਏ ਤੇ ਉਸ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਇਸ ਦੇ ਨਾਲ ਹੀ ਉਸ ਨੇ ਸੰਜਨਾ ‘ਤੇ ਉਸ ਦਾ ਧਰਮ ਅਪਨਾਉਣ ਦਾ ਵੀ ਦਬਾਅ ਬਣਾਇਆ। ਮੁਲਜ਼ਮ ਨੇ ਉਸ ਦੇ ਮੈਡਲ ਤੇ ਪ੍ਰਮਾਣ ਪੱਤਰ ਵੀ ਉਸ ਤੋਂ ਖੋਹ ਲਏ ਸਨ।

ਸੰਜਨਾ ਸਿਵਨੀ ਜ਼ਿਲ੍ਹੇ ਵਿਚ ਬੀ.ਏ. ਦੂਜੇ ਸਾਲ ਦੀ ਪੜ੍ਹਾਈ ਕਰ ਰਹੀ ਸੀ, ਪਰ ਜਬਲਪੁਰ ਵਿਚ ਆਪਣੇ ਮਾਪਿਆਂ ਨਾਲ ਰਹਿੰਦੀ ਸੀ। ਅਧਿਕਾਰੀ ਨੇ ਦੱਸਿਆ ਕਿ ਮੰਸੂਰੀ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਉਸ ‘ਤੇ ਕੁੱਟਮਾਰ, ਜਬਰਨ ਵਸੂਲੀ ਤੇ ਹੋਰ ਅਪਰਾਧਾਂ ਨਾਲ ਸਬੰਧਤ ਆਈ.ਪੀ.ਸੀ. ਦੀਆਂ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਹਨ।

Add a Comment

Your email address will not be published. Required fields are marked *