ਸੂਡਾਨ ਤੋਂ ਭਾਰਤੀਆਂ ਨੂੰ ਕੱਢਣ ਲਈ ਪ੍ਰਧਾਨ ਮੰਤਰੀ ਮੋਦੀ ਨੇ ਸਾਊਦੀ ਦੇ ਰਾਜਕੁਮਾਰ ਦਾ ਕੀਤਾ ਧੰਨਵਾਦ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਊਦੀ ਅਰਬ ਦੇ ਰਾਜਕੁਮਾਰ ਮੁਹੰਮਦ ਬਿਨ ਸਲਮਾਨ ਨਾਲ ਵੀਰਵਾਰ ਨੂੰ ਗੱਲ ਕੀਤੀ ਅਤੇ ਅਪ੍ਰੈਲ ’ਚ ਸੂਡਾਨ ਤੋਂ ਭਾਰਤੀਆਂ ਦੀ ਨਿਕਾਸੀ ਦੌਰਾਨ ਉਨ੍ਹਾਂ ਦੇ ਦੇਸ਼ ਦੇ ‘ਸ਼ਾਨਦਾਰ ਸਹਿਯੋਗ’ ਲਈ ਉਨ੍ਹਾਂ ਨੂੰ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਆਉਣ ਵਾਲੀ ਹੱਜ ਯਾਤਰਾ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ।

ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਬਿਆਨ ਵਿਚ ਦੱਸਿਆ ਕਿ ਟੈਲੀਫ਼ੋਨ ‘ਤੇ ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਦੁਵੱਲੇ ਸਹਿਯੋਗ ਦੇ ਕਈ ਮਾਮਲਿਆਂ ਦੀ ਸਮੀਖਿਆ ਕੀਤੀ ਤੇ ਆਪਸੀ ਹਿੱਤ ਦੇ ਵੱਖ-ਵੱਖ ਬਹੁਪੱਖੀ ਤੇ ਵਿਸ਼ਵਕ ਮਾਮਲਿਆਂ ‘ਤੇ ਵਿਚਾਰ ਵਟਾਂਦਰਾ ਕੀਤਾ। ਬਿਆਨ ਵਿਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਪ੍ਰੈਲ 2023 ਵਿਚ ਜਿੱਦਾਹ ਰਾਹੀਂ ਸੂਡਾਨ ਤੋਂ ਭਾਰਤੀ ਨਾਗਰਿਕਾਂ ਦੀ ਨਿਕਾਸੀ ਦੌਰਾਨ ਸਾਊਦੀ ਅਰਬ ਵੱਲੋਂ ਕੀਤੇ ਗਏ ਸ਼ਾਨਦਾਰ ਸਹਿਯੋਗ ਲਈ ਸਾਊਬ ਅਰਬ ਦੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ ਨੂੰ ਧੰਨਵਾਦ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਆਗਾਮੀ ਹੱਜ ਯਾਤਰਾ ਲਈ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। 

ਬਿਆਨ ਵਿਚ ਦੱਸਿਆ ਗਿਆ ਹੈ ਕਿ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਜੀ20 ਦੇ ਪ੍ਰਧਾਨ ਵਜੋਂ ਭਾਰਤ ਵੱਲੋਂ ਕੀਤੀਆਂ ਜਾ ਰਹੀਆਂ ਪਹਿਲਂਕਦਮੀਆਂ ਲਈ ਪੂਰਾ ਸਮਰਥਨ ਜਤਾਇਆ ਤੇ ਕਿਹਾ ਕਿ ਉਹ ਆਪਣੀ ਭਾਰਤ ਯਾਤਰਾ ਨੂੰ ਲੈ ਕੇ ਉਤਸ਼ਾਹਤ ਹਨ। ਇਸ ਵਿਚ ਦੱਸਿਆ ਗਿਆ ਹੈ ਕਿ ਦੋਵਾਂ ਆਗੂਆਂ ਸੰਪਰਕ ਵਿਚ ਰਹਿਣ ‘ਤੇ ਸਹਿਮਤੀ ਜਤਾਈ। ਦੱਸ ਦੇਈਏ ਕਿ ਭਾਰਤ ਨੇ ਸੰਕਟ ‘ਚ ਘਿਰੇ ਸੂਡਾਨ ਤੋਂ ਭਾਰਤੀਆਂ ਨੂੰ ਕੱਢਣ ਲਈ ਆਪ੍ਰੇਸ਼ਨ ਕਾਵੇਰੀ ਤਹਿਤ ਲੋਕਾਂ ਨੂੰ ਜਿੱਦਾਹ ਲਿਆਂਦਾ ਸੀ, ਜਿੱਥੋਂ ਉਹ ਭਾਰਤ ਪਰਤੇ ਸਨ।

Add a Comment

Your email address will not be published. Required fields are marked *