JP ਨੱਢਾ ਨੇ ਲੋਕਾਂ ਨੂੰ ‘ਆਪ’ ਨੂੰ ਸਬਕ ਸਿਖਾਉਣ ਦੀ ਕੀਤੀ ਅਪੀਲ

ਹਰਿਆਣਾ – ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਜੇ.ਪੀ. ਨੱਢਾ ਨੇ ਐਤਵਾਰ ਨੂੰ ਆਮ ਆਦਮੀ ਪਾਰਟੀ (ਆਪ) ‘ਤੇ ਨਿਸ਼ਾਨਾ ਵਿੰਨ੍ਹਿਆ ਅਤੇ ਲੋਕਾਂ ਨੂੰ ਚੋਣਾਂ ‘ਚ ਪਾਰਟੀ ਨੂੰ ਸਬਕ ਸਿਖਾਉਣ ਲਈ ਕਿਹਾ। ਨੱਢਾ ਨੇ ‘ਆਪ’ ‘ਤੇ ਨਿਸ਼ਾਨਾ ਅਜਿਹੇ ਸਮੇਂ ਵਿੰਨ੍ਹਿਆ ਜਦੋਂ ਐਤਵਾਰ ਨੂੰ ਦਿਨ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਭਾਜਪਾ ਨੇ ‘ਆਪ’ ਨੂੰ ਕੁਚਲਣ ਲਈ ‘ਆਪਰੇਸ਼ਨ ਝਾੜੂ’ ਸ਼ੁਰੂ ਕੀਤਾ ਹੈ, ਕਿਉਂਕਿ ਭਾਜਪਾ ਉਸ ਨੂੰ ਚੁਣੌਤੀ ਵਜੋਂ ਦੇਖਦੀ ਹੈ। ਨੱਢਾ ਨੇ ਕੁਰੂਕੁਸ਼ੇਤਰ ਲੋਕ ਸਭਾ ਖੇਤਰ ਦੇ ਅਧੀਨ ਕੈਥਲ ‘ਚ ਇਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ,”ਕਾਂਗਰਸ ਇਕ ਪਰਿਵਾਰਵਾਦੀ ਪਾਰਟੀ ਬਣ ਗਈ ਹੈ। ਕਾਂਗਰਸ ਅਤੇ ਘਮੰਠੀਆ ਗਠਜੋੜ (ਇੰਡੀਆ ਗਠਜੋੜ) ਭ੍ਰਿਸ਼ਟਾਚਾਰੀਆਂ ਦੀ ਮੰਡਲੀ ਬਣ ਗਏ ਹਨ।” ਨੱਢਾ ਨੇ ਭਾਜਪਾ ਉਮੀਦਵਾਰ ਨਵੀਨ ਜਿੰਦਲ ਲਈ ਪ੍ਰਚਾਰ ਕਰਦੇ ਹੋਏ ਕਿਹਾ,”ਕੁਝ ਜੇਲ੍ਹ ‘ਚ ਹਨ, ਜਦੋਂ ਕਿ ਕੁਝ ਜ਼ਮਾਨਤ ‘ਤੇ ਹਨ।” ਨੱਢਾ ਨੇ ਕੇਜਰੀਵਾਲ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਸਾਲਾਂ ਪਹਿਲੇ, ਉਨ੍ਹਾਂ ਨੇ ਪਹਿਲੇ ਕਿਹਾ ਸੀ ਕਿ ਉਹ ਕੋਈ ਪਾਰਟੀ ਨਹੀਂ ਬਣਾਉਣਗੇ, ਚੋਣ ਨਹੀਂ ਲੜਨਗੇ ਪਰ ਬਾਅਦ ‘ਚ ਉਨ੍ਹਾਂ ਨੇ ਇਕ ਪਾਰਟੀ ਬਣਾਈ ਅਤੇ ਚੋਣ ਲੜੀ।

ਨੱਢਾ ਨੇ ਕਿਹਾ,”ਉਨ੍ਹਾਂ ਨੇ (ਕੇਜਰੀਵਾਲ) ਕਿਹਾ ਸੀ ਕਿ ਉਹ ਕਾਂਗਰਸ ਨਾਲ ਕਦੇ ਹੱਥ ਨਹੀਂ ਮਿਲਾਉਣਗੇ ਪਰ ਉਹ ਵੀ ਹੋਇਆ। ਫਿਰ ਉਨ੍ਹਾਂ ਕਿਹਾ ਕਿ ਉਹ ਭ੍ਰਿਸ਼ਟਾਚਾਰ ‘ਚ ਸ਼ਾਮਲ ਨਹੀਂ ਹੋਣਗੇ। ਹੁਣ ਉਨ੍ਹਾਂ ‘ਚੋਂ ਤਿੰਨ (ਆਪ ਨੇਤਾ) ਜੇਲ੍ਹ ‘ਚ ਹਨ।” ਇਸ ਤੋਂ ਬਾਅਦ ਨੱਢਾ ਨੇ ‘ਆਪ’ ਸੰਸਦ ਮੈਂਬਰ ਸਵਾਤੀ ਮਾਲੀਵਾਲ ‘ਤੇ ਹਮਲੇ ਦੇ ਮਾਮਲੇ ‘ਚ ਮੁੱਖ ਮੰਤਰੀ ਦੇ ਸਹਿਯੋਗੀ ਬਿਭਵ ਕੁਮਾਰ ਦੀ ਗ੍ਰਿਫ਼ਤਾਰੀ ਵੱਲ ਇਸ਼ਾਰਾ ਕੀਤਾ। ਇਸ ਮਾਮਲੇ ‘ਚ ਕੇਜਰੀਵਾਲ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਨੱਢਾ ਨੇ ਕਿਹਾ,”ਜੋ ਲੋਕ ਔਰਤਾਂ ਦੇ ਸਨਮਾਨ ਦੀ ਗੱਲ ਕਰਦੇ ਸਨ, ਉਨ੍ਹਾਂ ਦੇ ਘਰਾਂ ਦੇ ਅੰਦਰ ਔਰਤਾਂ ਨਾਲ ਗਲਤ ਰਵੱਈਆ ਕੀਤਾ ਜਾਂਦਾ ਹੈ ਅਤੇ ਨੇਤਾ (ਕੇਜਰੀਵਾਲ) ਚੁੱਪ ਰਹਿੰਦੇ ਹਨ।” ਉਨ੍ਹਾਂ ਕਿਹਾ,”ਮੈਨੂੰ ਦੱਸੋ, ਕੀ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਨੂੰ ਅੱਗੇ ਆਉਣ ਦਿਓਗੇ (ਕੀ ਤੁਸੀਂ ਉਨ੍ਹਾਂ ਨੂੰ ਵੋਟ ਦੇਵੋਗੇ)? ਤੁਸੀਂ ਉਨ੍ਹਾਂ ਨੂੰ ਸਬਕ ਸਿਖਾਓਗੇ ਜਾਂ ਨਹੀਂ? ਤੁਸੀਂ ਉਨ੍ਹਾਂ ਨੂੰ ਘਰ ਬਿਠਾਓਗੇ ਜਾਂ ਨਹੀਂ? (ਉਨ੍ਹਾਂ ਨੂੰ ਚੋਣਾਂ ‘ਚ ਹਰਾਓਗੇ।”

Add a Comment

Your email address will not be published. Required fields are marked *