ਗੁਰਦੁਆਰਾ ਸਾਹਿਬ ’ਚ  ਸੰਨੀ ਦਿਓਲ ਵੱਲੋਂ ਗਦਰ-2 ਦੀ ਸ਼ੂਟਿੰਗ ‘ਤੇ ਸ਼੍ਰੋਮਣੀ ਕਮੇਟੀ ਦਾ ਤਿੱਖਾ ਪ੍ਰਤੀਕਰਮ

ਅੰਮ੍ਰਿਤਸਰ- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦੀ ਆਉਣ ਵਾਲੀ ਫ਼ਿਲਮ ਗਦਰ-2 ਇਸ ਸਮੇਂ ਵੱਡੇ ਵਿਵਾਦਾਂ ‘ਚ ਘਿਰ ਗਈ ਹੈ। ਦੱਸ ਦੇਈਏ ਕਿ ਸੰਨੀ ਦਿਓਲ ਨੇ ਫ਼ਿਲਮ ਗਦਰ-2 ਦੀ ਸ਼ੂਟਿੰਗ ਪੰਚਕੂਲਾ ਦੇ ਗੁਰਦੁਆਰਾ ਸਾਹਿਬ ਕੀਤੀ ਜਾ ਰਹੀ ਹੈ। ਜਿਸ ‘ਚ ਉਹ ਅਦਾਕਾਰਾ ਅਮੀਸ਼ਾ ਪਟੇਲ ਦੇ ਨਾਲ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆਉਂਦੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਦਰਅਸਲ ਗੁਰਦੁਆਰੇ ‘ਚ ਸ਼ੂਟਿੰਗ ਦੌਰਾਨ ਕੁਝ ਇਤਰਾਜ਼ਯੋਗ ਸੀਨ ਦਿਖਾਏ ਗਏ ਹਨ। ਇੰਨਾਂ ਹੀ ਨਹੀਂ ਸ਼ੂਟਿੰਗ ‘ਚ ਸੰਨੀ ਦਿਓਲ ਨਾਲ ਹੋਰ ਵੀ ਅਦਾਕਾਰ ਸਿੰਘਾਂ ਦੇ ਬਾਣੇ ‘ਚ ਗਤਕਾ ਖੇਡਦੇ ਨਜ਼ਰ ਵੀ ਆਏ ਹਨ। ਫ਼ਿਲਮ ਦੀ ਸ਼ੂਟਿੰਗ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੇ ਫ਼ਿਲਮ ਦੇ ਇਸ ਸੀਨ ‘ਤੇ ਇਤਰਾਜ਼ ਜਤਾਇਆ ਹੈ।

ਇਸ ਦੌਰਾਨ ਐੱਸ.ਜੀ.ਪੀ.ਸੀ. ਦੇ ਜਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਗੁਰਦੁਆਰੇ ‘ਚ ਸੰਨੀ ਦਿਓਲ ਵੱਲੋਂ ਦੀ ਕੀਤੀ ਸ਼ੂਟਿੰਗ ‘ਚ ਇਤਰਾਜ਼ਯੋਗ ਸੀਨ ‘ਤੇ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਕੋਈ ਇਸ ਤਰ੍ਹਾਂ ਦੀ ਸ਼ੂਟਿੰਗ ਦਾ ਸਥਾਨ ਨਹੀਂ ਹੈ। ਇਸ ‘ਤੇ ਉਨ੍ਹਾਂ ਨੇ ਸੰਨੀ ਦਿਓਲ ਨੂੰ ਕਸੂਰਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਤੇ ਅਦਾਕਾਰਾ ਅਮੀਸ਼ਾ ਪਟੇਲ ਵੱਲੋਂ ਗੁਰਦੁਆਰੇ ‘ਚ ਸ਼ੂਟਿੰਗ ਕਰਨ ਵਾਲੇ ਸੀਨ ਇਤਰਾਜ਼ਯੋਗ ਹਨ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਦੇ ਨਿਰਦੇਸ਼ਕ ਅਤੇ ਸੰਨੀ ਦਿਓਲ ਨੂੰ ਗੁਰਦੁਆਰੇ ਦੀ ਮਰਿਆਦਾ ਬਾਰੇ ਸਮਝਣਾ ਚਾਹੀਦਾ ਹੈ। ਜਿਹੜੇ ਸਿੰਘ ਗਤਕਾ ਕਰਦੇ ਨਜ਼ਰ ਆਏ ਹਨ, ਉਨ੍ਹਾਂ ‘ਤੇ ਵੀ ਐੱਸ.ਜੀ.ਪੀ.ਸੀ. ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਜਿਹੜੀਆਂ ਤਸਵੀਰਾਂ ਸਾਹਮਣੇ ਆਇਆ ਹਨ, ਉਹ ਸਿੱਖ ਕੌਮ ਲਈ ਸ਼ਰਮਨਾਕ ਹਨ ਅਤੇ ਇਸ ਲਈ ਸੰਨੀ ਦਿਓਲ ਨੂੰ ਸਿੱਧੇ ਤੌਰ ‘ਤੇ ਦੋਸ਼ੀ ਮਨਿਆ ਜਾਂਦਾ ਹੈ।

Add a Comment

Your email address will not be published. Required fields are marked *