ਗੋਲਡ ਕੋਸਟ ‘ਚ ਗਾਇਕ ਹਰਭਜਨ ਮਾਨ ਨੇ ਬੰਨ੍ਹਿਆ ਸਮਾਂ -:ਆਸਟ੍ਰੇਲੀਆ

ਬ੍ਰਿਸਬੇਨ : ਇਥੋਂ ਦੇ ਸਥਾਨਕ ਪੰਜਾਬੀ ਭਾਈਚਾਰੇ ਦੇ ਭਰਪੂਰ ਸਹਿਯੋਗ ਦੇ ਨਾਲ ਪ੍ਰਬੰਧਕ ਮਨਮੋਹਨ ਸਿੰਘ ਅਤੇ ਉਨਾਂ ਦੇ ਸਹਿਯੋਗੀਆਂ ਵਲੋਂ ਪ੍ਰਸਿੱਧ ਲੋਕ ਗਾਇਕ ਹਰਭਜਨ ਮਾਨ ਦਾ ਸ਼ੋਅ ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਖੇ ਵਿਖੇ ਬੜੇ ਹੀ ਉਤਸ਼ਾਹ ਨਾਲ ਕਰਵਾਇਆ ਗਿਆ। ਪੰਜਾਬੀਆਂ ਦੇ ਮਾਣਮੱਤੇ ਪ੍ਰਸਿੱਧ ਲੋਕ ਗਾਇਕ, ਕਵੀਸ਼ਰ ਤੇ ਅਦਾਕਾਰ ਹਰਭਜਨ ਮਾਨ ਵਲੋਂ ਜਦੋਂ ਦਸਤਕ ਦਿੱਤੀ ਤਾਂ ਸਾਰਾ ਪੰਡਾਲ ਤਾੜੀਆਂ ਦੀ ਗੜ-ਗੜਾਹਟ ਵਿਚ ਗੂਜ ਉੱਠਿਆ। ਉਨ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ’ਚ ਗੀਤ “ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ’, ਮੌਜ ਮਸਤੀਆ ਮਾਣ, ‘ਮੈਂ ਵਾਰੀ ਮੈ ਵਾਰੀ ਸੰਮੀਏ,” ‘ਮਾਵਾਂ ਮਾਵਾਂ ਮਾਵਾਂ ਮਾ ਜੱਨਤ ਦਾ ਪ੍ਰਛਾਵਾਂ ‘ਮਾਵਾਂ ਠੰਡੀਆਂ ਛਾਵਾਂ’ ਨਾਲ ਮਾਂ ਦੀ ਮਮਤਾ ਤੇ ਪ੍ਰਮਾਤਮਾ ਦੀ ਇਬਾਦਿਤ ਕਰਦਿਆਂ ਕੀਤੀ।

ਉਪਰੰਤ ਇੱਕ ਤੋ ਵੱਧ ਇੱਕ ਪ੍ਰਸਿੱਧ ਗੀਤ ਜਿਨ੍ਹਾਂ ’ਚ ‘ਜੱਗ ਜਿਉਦਿਆਂ ਦੇ ਮੇਲੇ’, ‘ਗੱਲਾ ਗੋਰੀਆਂ ਦੇ ਵਿੱਚ ਟੋਏ’, ‘ਯਾਦਾਂ ਰਹਿ ਜਾਣੀਏ’,‘ ਚਿੱਠੀਏ ਨੀ ਚਿੱਠੀਏ’,‘ਠਹਿਰ ਜਿੰਦੜੀਏ ਠਹਿਰ’ ‘ਕੰਗਣਾਂ’, ਧੀਆਂ ਆਦਿ ਅਨੇਕਾ ਗੀਤਾਂ ਨਾਲ ਜ਼ਿੰਦਗੀ ਦੀਆਂ ਅਸਲ ਸੱਚਾਈਆਂ ਨੂੰ ਬਿਆਨ ਕਰਦਿਆਂ ਮਨੁੱਖੀ ਰਿਸ਼ਤਿਆਂ ਦੇ ਮਿੱਠੇ-ਪਿਆਰੇ ਨਿੱਘੇ ਅਹਿਸਾਸ ਤੇ ਪੰਜਾਬੀਅਤ ਦਾ ਸੁਨੇਹਾਂ ਦਿੰਦਿਆਂ ਪੰਜਾਬ ਨੂੰ ਚੇਤਿਆਂ ਵਿੱਚ ਵਸਾ ਦਿੱਤਾ। ਹਰਭਜਨ ਮਾਨ ਨੇ ਆਪਣੀ ਗਾਇਕੀ ਨਾਲ ਠਾਠਾਂ ਮਾਰਦਾ ਇਕੱਠ ਅਸ਼-ਅਸ਼ ਕਰ ਉਠਿਆਂ ਤੇ ਦੇਰ ਰਾਤ ਤੱਕ ਸਰੋਤਿਆਂ ਨੂੰ ਆਪਣੇ ਪ੍ਰਸਿੱਧ ਗੀਤਾਂ ਨਾਲ ਨਚਾ ਕੇ ਇਸ ਸ਼ੋਅ ਨੂੰ ਸਿਖਰਾ ਤੱਕ ਪਹੁੰਚਾ ਆਪਣੀ ਦਮਦਾਰ ਗਾਇਕੀ ਦਾ ਲੋਹਾ ਮੰਨਵਾ ਕੇ ਖੂਬ ਵਾਹ ਵਾਹ ਖੱਟੀ। 

ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹਰਭਜਨ ਮਾਨ ਦੇ ਸ਼ੋਅ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਪਰਿਵਾਰਾਂ ਨੇ ਸਾਬਤ ਕਰ ਦਿੱਤਾ ਕਿ ਸਰੋਤੇ ਅੱਜ ਵੀ ਚੰਗੀ ਤੇ ਸਾਫ ਸੁਥਰੀ ਗਾਇਕੀ ਨੂੰ ਪੂਰਾ ਮਾਣ ਤੇ ਸਤਿਕਾਰ ਦਿੰਦੇ ਹਨ।ਮੁੱਖ ਪ੍ਰਬੰਧਕ ਮਨਮੋਹਨ ਸਿੰਘ ਨੇ ਦਰਸ਼ਕਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਹਰਭਜਨ ਮਾਨ ਦੀ ਮਿਆਰੀ ਤੇ ਸਮਾਜ ਨੂੰ ਸੇਧ ਦੇਣ ਵਾਲੀ ਗਾਇਕੀ ਕਾਰਨ ਦੁਨੀਆ ਭਰ ’ਚ ਕੀਤੇ ਜਾ ਰਹੇ ਸ਼ੋਅਜ ਨੂੰ ਸਰੋਤਿਆਂ ਵਲੋਂ ਬਹੁਤ ਭਰਵਾ ਹੁੰਗਾਰਾ ਦਿੱਤਾ ਜਾ ਰਿਹਾ ਹੈ, ਜੋ ਕਿ ਪੰਜਾਬੀ ਸੱਭਿਆਚਾਰ ਲਈ ਸ਼ੁਭ ਸ਼ਗਨ ਹੈ। ਹਰਭਜਨ ਮਾਨ ਦਾ ਇਹ ਸ਼ੋਅ ਵਿਰਸੇ ਦੀ ਬਾਤ ਪਾਉਂਦਾ ਹੋਇਆ ਨਵੇਂ ਕੀਰਤੀਮਾਨ ਸਥਾਪਿਤ ਕਰਦਾ ਹੋਇਆ ਫਿਰ 2024 ‘ਚ ਦੇਸੀ ਰੌਕਸ ਦੇ ਬੈਨਰ ਹੇਠ ਮੁੜ ਮਿਲਣ ਦੇ ਵਾਅਦੇ ਨਾਲ ਅਮਿੱਟ ਪੈੜ ਛੱਡ ਗਿਆ। ਮਨਪ੍ਰੀਤ ਕੌਰ ਤੇ ਨੀਰਜ ਪੋਪਲੀ ਵਲੋਂ ਮੰਚ ਦਾ ਸੰਚਾਲਨ ਸ਼ੇਅਰੋ-ਸ਼ਾਇਰੀ ਨਾਲ ਬਾਖੂਬੀ ਕੀਤਾ ਗਿਆ।

Add a Comment

Your email address will not be published. Required fields are marked *