WTC ਫ਼ਾਈਨਲ ‘ਤੇ ਮੀਂਹ ਤੋਂ ਵੀ ਵੱਡਾ ਖ਼ਤਰਾ

ICC ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) 2023 ਦਾ ਫ਼ਾਈਨਲ ਮੈਚ 7 ਜੂਨ ਤੋਂ ਲੰਡਨ ਦੇ ਓਵਲ ਮੈਦਾਨ ‘ਚ ਖੇਡਿਆ ਜਾਵੇਗਾ। ਇਹ ਫਾਈਨਲ ਮੈਚ 7 ਤੋਂ 11 ਜੂਨ ਤਕ ਖੇਡਿਆ ਜਾਵੇਗਾ। ਟੀਮ ਇੰਡੀਆ ਇਸ ਖ਼ਿਤਾਬੀ ਮੁਕਾਬਲੇ ਵਿਚ ਆਸਟਰੇਲੀਆ ਦਾ ਸਾਹਮਣਾ ਕਰੇਗੀ। ਮੈਚ ‘ਤੇ ਮੀਂਹ ਦਾ ਖਤਰਾ ਹੈ। ਪਰ ਮੀਂਹ ਤੋਂ ਇਲਾਵਾ ਇਕ ਹੋਰ ਸੰਕਟ ਹੈ, ਜੋ ਮੈਚ ਲਈ ਅੜਿੱਕਾ ਬਣ ਸਕਦਾ ਹੈ, ਜਿਸ ਦਾ ਨਾਂ ਹੈ ‘ਜਸਟ ਸਟਾਪ ਆਇਲ’।

ਭਾਰਤੀ ਕ੍ਰਿਕਟ ਟੀਮ ਇਸ ਸਮੇਂ ਲੰਡਨ ‘ਚ ਹੈ ਜਿੱਥੇ ‘ਜਸਟ ਸਟਾਪ ਆਇਲ’ ਦੇ ਪ੍ਰਦਰਸ਼ਨ ਹੋ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ਦੇ ਤਹਿਤ ਪ੍ਰਦਰਸ਼ਨਕਾਰੀ ਯੂ.ਕੇ. ਸਰਕਾਰ ਦੇ ਨਵੇਂ ਤੇਲ, ਗੈਸ ਅਤੇ ਕੋਲਾ ਪ੍ਰਾਜੈਕਟਾਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਇਨ੍ਹਾਂ ਪ੍ਰਾਜੈਕਟਾਂ ਨਾਲ ਸਬੰਧਤ ਲਾਇਸੈਂਸ ਤੁਰੰਤ ਰੱਦ ਕਰੇ। ਲੰਡਨ ‘ਚ ‘ਜਸਟ ਸਟਾਪ ਆਇਲ’ ਪ੍ਰਦਰਸ਼ਨਕਾਰੀ ਸਰਕਾਰ ਅਤੇ ਉਸ ਦੀਆਂ ਨੀਤੀਆਂ ਤੋਂ ਨਾਰਾਜ਼ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਦੀਆਂ ਵਾਤਾਵਰਨ ਵਿਰੋਧੀ ਨੀਤੀਆਂ ਦਾ ਖਾਮਿਆਜ਼ਾ ਸਾਰਿਆਂ ਨੂੰ ਭੁਗਤਣਾ ਪਵੇਗਾ।

ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਅਜਿਹੇ ਸਮੇਂ ‘ਚ ਹੋ ਰਿਹਾ ਹੈ ਜਦੋਂ ਲੰਡਨ ‘ਚ ਤੇਲ ਅਤੇ ਗੈਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਅਜਿਹੇ ਵਿਚ ਸਰਕਾਰ ਦਾ ਧਿਆਨ ਆਪਣੇ ਪ੍ਰਦਰਸ਼ਨ ਵੱਲ ਖਿੱਚਣ ਲਈ ਪ੍ਰਦਰਸ਼ਨਕਾਰੀ ਕ੍ਰਿਕਟ ਸਮੇਤ ਕਈ ਵੱਡੇ ਸਮਾਗਮਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਇੰਗਲੈਂਡ ਦੀ ਟੀਮ ਵੀਰਵਾਰ ਨੂੰ ਆਇਰਲੈਂਡ ਖ਼ਿਲਾਫ਼ ਲਾਰਡਸ ਲਈ ਰਵਾਨਾ ਹੋਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਜਿਸ ਬੱਸ ‘ਚ ਇੰਗਲੈਂਡ ਕ੍ਰਿਕਟ ਟੀਮ ਸਫਰ ਕਰ ਰਹੀ ਸੀ, ਉਸ ਨੂੰ ਰੋਕ ਦਿੱਤਾ ਗਿਆ। ਕਾਫ਼ੀ ਦੇਰ ਤੱਕ ਬੱਸ ਧਰਨਾਕਾਰੀਆਂ ਵਿਚਕਾਰ ਫਸੀ ਰਹੀ। ਸਥਿਤੀ ਇਹ ਬਣ ਗਈ ਸੀ ਕਿ ਸੁਰੱਖਿਆ ਕਰਮੀਆਂ ਨੂੰ ਮੌਕੇ ‘ਤੇ ਪਹੁੰਚ ਕੇ ਖਿਡਾਰੀਆਂ ਨੂੰ ਬਾਹਰ ਕੱਢਣਾ ਪਿਆ। ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।

ਰਿਪੋਰਟਸ ਮੁਤਾਬਕ, ਦਿ ਓਵਲ ਸਟੇਡੀਅਮ ਮੈਨੇਜਮੈਂਟ ਨੇ WTC ਫ਼ਾਈਨਲ ਲਈ ਦੋ ਪਿੱਚਾਂ ਤਿਆਰ ਕੀਤੀਆਂ ਹਨ। ਉਨ੍ਹਾਂ ਨੇ ਇਹ ਫ਼ੈਸਲਾ ਸਾਰੇ ਦੇਸ਼ ਵਿਚ ਚੱਲ ਰਹੇ ਪ੍ਰਦਰਸ਼ਨ ਦੇ ਚਲਦਿਆਂ ਲਿਆ ਹੈ। ਉਨ੍ਹਾਂ ਨੂੰ ਡਰ ਹੈ ਕਿ ਕਿੱਧਰੇ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕ ਪਿੱਚ ਖ਼ਰਾਬ ਨਾ ਕਰ ਦੇਣ। ਜੇਕਰ ਅਜਿਹਾ ਹੁੰਦਾ ਹੈ ਤਾਂ ਦੂਜੀ ਪਿੱਚ ‘ਤੇ ਮੈਚ ਕਰਵਾਇਆ ਜਾ ਸਕਦਾ ਹੈ। ਆਈ.ਸੀ.ਸੀ. ਨੂੰ ਚਿੰਤਾ ਸਤਾ ਰਹੀ ਹੈ ਕਿ ਪ੍ਰਦਰਸ਼ਨਕਾਰੀ ਕਿੱਧਰੇ ਐਨ ਮੌਕੇ ‘ਤੇ ਪਹੁੰਚ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ਮੈਚ ਵਿਚ ਅੜਿੱਕਾ ਨਾ ਪਾਉਣ। ਇਸੇ ਦੇ ਮੱਦੇਨਜ਼ਰ ਆਈ.ਸੀ.ਸੀ. ਨੇ ਦੋ ਪਿੱਚਾਂ ਤਿਆਰ ਕਰਵਾਈਆਂ ਹਨ ਤਾਂ ਜੋ ਪ੍ਰਦਰਸ਼ਕਾਰੀ ਜੇਕਰ ਇਕ ਪਿੱਚ ਖ਼ਰਾਬ ਕਰ ਦੇਣ ਤਾਂ ਦੂਜੀ ‘ਤੇ ਮੈਚ ਕਰਵਾਇਆ ਜਾ ਸਕੇ।

Add a Comment

Your email address will not be published. Required fields are marked *