ਸਿੱਧੂ ਮੂਸੇਵਾਲਾ ਦਾ ਪਿਸਤੌਲ ਅਤੇ ਮੋਬਾਈਲ ਪਰਿਵਾਰ ਨੂੰ ਸੌਂਪੇ

ਮਾਨਸਾ, 6 ਜੂਨ -: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਸਾਲ ਬਾਅਦ ਪਰਿਵਾਰ ਨੂੰ ਅਦਾਲਤ ਵਿੱਚੋਂ ਉਸ ਦਾ ਪਿਸਤੌਲ ਅਤੇ ਦੋ ਮੋਬਾਈਲ ਫੋਨ ਵਾਪਸ ਮਿਲ ਗਏ ਹਨ। ਪਰਿਵਾਰ ਵੱਲੋਂ ਇਸ ਸਬੰਧੀ ਬਾਕਾਇਦਾ ਅਪੀਲ ਕੀਤੀ ਗਈ ਸੀ। ਅਦਾਲਤ ਵੱਲੋਂ ਉਨ੍ਹਾਂ ਨੂੰ ਇਹ ਦੋਨੋਂ ਚੀਜ਼ਾਂ ਦੇਣ ਤੋਂ ਬਾਅਦ ਆਦੇਸ਼ ਕੀਤੇ ਹਨ ਕਿ ਹਰ ਪੇਸ਼ੀ ’ਤੇ ਉਨ੍ਹਾਂ ਨੂੰ ਆਪਣੇ ਨਾਲ ਇਨ੍ਹਾਂ ਨੂੰ ਲਿਆਉਣਾ ਹੋਵੇਗਾ। ਜਾਣਕਾਰੀ ਅਨੁਸਾਰ ਮੂਸੇਵਾਲਾ ਦੇ ਪਰਿਵਾਰ ਨੂੰ ਪਿਸਤੌਲ ਲਈ 4 ਲੱਖ ਰੁਪਏ ਅਤੇ ਮੋਬਾਈਲ ਫੋਨ ਲਈ ਇਕ ਲੱਖ ਰੁਪਏ ਦਾ ਮੁਚੱਲਕਾ ਭਰਨਾ ਪਿਆ ਹੈ। ਪਿਸਤੌਲ ਹੁਣ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇ ਨਾਂ ’ਤੇ ਦਰਜ ਹੋਵੇਗਾ। ਅਦਾਲਤ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਕਿਹਾ ਕਿ ਜਦੋਂ ਤੱਕ ਕੇਸ ਚੱਲ ਰਿਹਾ ਹੈ, ਉਹ ਮੋਬਾਈਲ ਅਤੇ ਪਿਸਤੌਲ ਅੱਗੇ ਨਹੀਂ ਵੇਚ ਸਕਣਗੇ ਅਤੇ ਨਾ ਹੀ ਇਨ੍ਹਾਂ ਦਾ ਰੰਗ-ਰੂਪ ਬਦਲਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਸਮੇਂ ਮੋਬਾਈਲ ਫੋਨ ਅਤੇ ਪਿਸਤੌਲ ਉਸਦੇ ਕੋਲ ਸਨ। ਮੂਸੇਵਾਲਾ ਨੇ ਵੀ ਆਪਣੇ ਪਿਸਤੌਲ ਤੋਂ ਗੋਲੀ ਚਲਾਈ ਦੱਸੀ ਜਾਂਦੀ ਹੈ।

ਇਸੇ ਦੌਰਾਨ ਹੀ ਸਿੱਧੂ ਮੂਸੇਵਾਲਾ ਦੀ ਫੋਟੋ ਨੂੰ ਗੁਟਕਾ ਬਣਾਉਣ ਵਾਲੀ ਕੰਪਨੀ ਨੇ ਆਪਣੇ ਸੁਪਾਰੀ ਦੇ ਪੈਕੇਟ ਉਤੇ ਛਾਪਿਆ ਹੈ। ਸੋਸ਼ਲ ਮੀਡੀਆ ਉਤੇ ਇਹ ਫੋਟੋ ਸਾਹਮਣੇ ਆਉਣ ਤੋਂ ਬਾਅਦ ਮੂਸੇਵਾਲਾ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੇ ਇਸ ਮਾਮਲੇ ਦਾ ਬੁਰਾ ਮਨਾਇਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਫੋਟੋ ਨੂੰ ਸੁਪਾਰੀ ਦੇ ਪੈਕੇਟ ਉਤੇ ਲਗਾਉਣ ਵਾਲੀ ਕੰਪਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Add a Comment

Your email address will not be published. Required fields are marked *