ਕੈਨੇਡਾ: ਕੁਲਤਾਰ ਸਿੰਘ ਸੰਧਵਾਂ ਨੇ ਸਰੀ ‘ਚ ਪੰਜਾਬੀ ਭਾਈਚਾਰੇ ਨਾਲ ਕੀਤੀ ਮੁਲਾਕਾਤ

ਸਰੀ,ਕੈਨੇਡਾ (ਬਿਊਰੋ): ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਇਨ੍ਹੀਂ ਦਿਨੀਂ ਕੈਨੇਡਾ ਦੀ ਅਧਿਕਾਰਤ ਫੇਰੀ ‘ਤੇ ਹਨ। ਹੈਲੀਫੈਕਸ ਵਿਚ ਵਿਧਾਨ ਸਭਾ ਸਪੀਕਰਾਂ ਦੀ ਇਕ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਉਹ ਇਨ੍ਹੀਂ ਦਿਨੀਂ ਕੈਨੇਡਾ ਦੇ ਪੰਜਾਬੀ ਭਾਈਚਾਰੇ ਨੂੰ ਮਿਲ ਰਹੇ ਹਨ। ਟੋਰਾਂਟੋ, ਬਰੈਂਪਟਨ, ਐਡਮਿੰਟਨ, ਕੈਲਗਰੀ ਅਤੇ ਹੋਰਨਾਂ ਖਿੱਤਿਆਂ ਦੀ ਫੇਰੀ ਤੋਂ ਬਾਅਦ ਉਨ੍ਹਾਂ ਸਰੀ ਖੇਤਰ ਦੇ ਪੰਜਾਬੀ ਭਾਈਚਾਰੇ ਨਾਲ ਮੁਲਾਕਾਤ ਕਰਨ ਲਈ ਬੀਤੇ ਦਿਨ ਸਰੀ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਪੰਜਾਬ ਦੇ ਸਿਆਸਤਦਾਨ ਮਰਹੂਮ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਫਰਜ਼ੰਦ ਅਤੇ ਲੰਬੀ ਵਿਧਾਨ ਸਭਾ ਹਲਕੇ ਤੋਂ ‘ਆਪ’ ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਦੇ ਭਰਾ ਹਰਮੀਤ ਸਿੰਘ ਖੁੱਡੀਆਂ ਦੇ ਘਰ ਪੰਜਾਬੀ ਭਾਈਚਾਰੇ ਦੀਆਂ ਨਾਮਵਰ ਸ਼ਖਸੀਅਤਾਂ ਨਾਲ ਮੁਲਾਕਾਤ ਕੀਤੀ। 

PunjabKesari

ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਵਿੱਚ ਹੋਈ ਵੱਡੀ ਤਬਦੀਲੀ ਦਾ ਮੁੱਢ ਅਸਲ ਵਿੱਚ ਕੈਨੇਡਾ ਤੋਂ ਹੀ ਬੱਝਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਅੱਜ ਤੱਕ ਜੇਕਰ ਕੈਨੇਡੀਅਨ ਭਾਈਚਾਰੇ ਨੇ ਆਮ ਆਦਮੀ ਪਾਰਟੀ ਦੇ ਸਿਰ ‘ਤੇ ਹੱਥ ਨਾ ਧਰਿਆ ਹੁੰਦਾ ਤਾਂ ਪੰਜਾਬ ਨੂੰ ਪਰਿਵਾਰਵਾਦ ਅਤੇ ਵਾਰੀ ਵੱਟੇ ਦੀ ਸਿਆਸਤ ਤੋਂ ਛੁਟਕਾਰਾ ਨਹੀਂ ਸੀ ਮਿਲ ਸਕਦਾ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਨੂੰ ਆਪਣੀ ਕਾਰਗੁਜ਼ਾਰੀ ਵਿਖਾਉਣ ਲਈ ਕੁਝ ਸਮਾਂ ਜਰੂਰ ਦਿੱਤਾ ਜਾਵੇ ਕਿਉਂਕਿ ਸਾਢੇ ਸੱਤ ਦਹਾਕੇ ਤੋਂ ਵੱਧ ਦੇ ਸਮੇਂ ਦੌਰਾਨ ਰਵਾਇਤੀ ਸਿਆਸਤਦਾਨਾਂ ਵੱਲੋਂ ਵਿਗਾੜੇ ਨਿਜ਼ਾਮ ਨੂੰ ਸੁਧਾਰਨ ਲਈ ਕੁੱਝ ਸਮਾਂ ਲੱਗਣਾ ਸੁਭਾਵਿਕ ਹੈ। 

ਉਨ੍ਹਾਂ ਕਿਹਾ ਕਿ ਐੱਨਆਰਆਈ ਭਰਾਵਾਂ ਨੂੰ ਪੰਜਾਬ ਵਿੱਚ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਨਾ ਭਗਵੰਤ ਮਾਨ ਸਰਕਾਰ ਦੀ ਸਭ ਤੋਂ ਵੱਡੀ ਪਹਿਲ ਹੈ। ਇਕ ਸਵਾਲ ਦੇ ਜਵਾਬ ਵਿੱਚ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬ ਵਿੱਚ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਵਿਰੋਧੀ ਧਿਰ ਦੀ ਸਹੀ ਭੂਮਿਕਾ ਹੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਕੁੰਡਾ ਰੱਖ ਸਕਦੀ ਹੈ ਜੋ ਲੋਕਤੰਤਰ ਵਿੱਚ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਿਰੋਧੀ ਧਿਰ ਚਾਹੇ ਕਮਜ਼ੋਰ ਹੈ ਪਰ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਉਸ ਨੂੰ ਵਿਧਾਨ ਸਭਾ ਵਿੱਚ ਆਪਣੀ ਗੱਲ ਰੱਖਣ ਲਈ ਪੂਰਾ ਸਮਾਂ ਦਿੱਤਾ ਜਾ ਰਿਹਾ ਹੈ। 

ਸੰਧਵਾਂ ਨੇ ਇਸ ਮੌਕੇ ਤੇ ਮੌਜੂਦ ਕੈਨੇਡੀਅਨ ਭਾਈਚਾਰੇ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਸ ਦੇ ਜਲਦ ਹੱਲ ਦਾ ਭਰੋਸਾ ਦਿਵਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰੀ ਤੋਂ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ, ਬੀਸੀ ਦੇ ਸਾਬਕਾ ਮੰਤਰੀ ਡਾ. ਗੁਲਜ਼ਾਰ ਚੀਮਾ, ਰੇਡੀਓ ਇੰਡੀਆ ਦੇ ਮਾਲਕ/ ਸੰਚਾਲਕ ਮਨਿੰਦਰ ਸਿੰਘ ਗਿੱਲ, ਸਾਬਕਾ ਐਮ ਪੀ ਜਸਬੀਰ ਸਿੰਘ ਸੰਧੂ, ਨਿਮਰਤਾ ਸ਼ੇਰਗਿੱਲ, ਕੁਲਵੰਤ ਸਿੰਘ ਢੇਸੀ, ਪਰਮਜੀਤ ਸਿੰਘ ‘ਪ੍ਰਵਾਸੀ’, ਬੂਟਾ ਸਿੰਘ ਢਿੱਲੋਂ, ਕਰਤਾਰ ਸਿੰਘ ਢਿੱਲੋਂ, ਬਲਜਿੰਦਰ ਸਿੰਘ ਸੰਘਾ, ਮਨਜੀਤ ਸਿੰਘ ਮਾਂਗਟ, ਰਖਵੰਤ ਸਿੰਘ ਪੱਪੀ ਸੋਥਾ, ਮੋਹਨ ਗਿੱਲ, ਦਵਿੰਦਰ ਸਿੰਘ ਬੈਨੀਪਾਲ, ਕੁਲਦੀਪ ਸਿੱਧੂ (ਖਾਲਸਾ ਕ੍ਰੈਡਿਟ), ਗੁਰਪਿੰਦਰ ਖੁੱਡੀਆਂ, ਕੁਲਵੰਤ ਸਿੰਘ ਬੱਲ ਅਤੇ ਬਲਬੀਰ ਸਿੰਘ ਭੁੱਲਰ ਵੀ ਮੌਜੂਦ ਸਨ।

Add a Comment

Your email address will not be published. Required fields are marked *