ਮੁਖ਼ਤਾਰ ਅਨਸਾਰੀ ਨੂੰ 32 ਸਾਲ ਪੁਰਾਣੇ ਕਤਲ ਕੇਸ ’ਚ ਉਮਰ ਕੈਦ

ਲਖਨਊ, 5 ਜੂਨ-: ਵਾਰਾਨਸੀ ਅਦਾਲਤ ਨੇ ਗੈਂਗਸਟਰ-ਸਿਆਸਤਦਾਨ ਮੁਖ਼ਤਾਰ ਅਨਸਾਰੀ ਨੂੰ ਕਰੀਬ 32 ਸਾਲ ਪਹਿਲਾਂ ਕਾਂਗਰਸ ਆਗੂ ਦੇ ਭਰਾ ਅਵਧੇਸ਼ ਰਾਏ ਦੀ ਹੱਤਿਆ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕਾਂਗਰਸ ਆਗੂ ਅਜੈ ਰਾਏ ਦੇ ਭਰਾ ਅਵਧੇਸ਼ ਦੀ 3 ਅਗਸਤ, 1991 ਨੂੰ ਵਾਰਾਨਸੀ ਸਥਿਤ ਰਿਹਾਇਸ਼ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅਨਸਾਰੀ ਖ਼ਿਲਾਫ਼ ਵੱਖ ਵੱਖ ਸੂਬਿਆਂ ’ਚ 61 ਕੇਸ ਚੱਲ ਰਹੇ ਹਨ ਜਿਨ੍ਹਾਂ ’ਚੋਂ ਉਸ ਨੂੰ ਛੇ ’ਚ ਸਜ਼ਾ ਹੋ ਚੁੱਕੀ ਹੈ। ਅਪਰੈਲ ’ਚ ਉਸ ਨੂੰ ਗਾਜ਼ੀਪੁਰ ’ਚ ਅਦਾਲਤ ਨੇ ਗੈਂਗਸਟਰ ਐਕਟ ਤਹਿਤ 10 ਸਾਲ ਦੀ ਸਜ਼ਾ ਸੁਣਾਈ ਸੀ। ਐੱਮਪੀ-ਐੱਮਐੱਲਏ ਅਦਾਲਤ ਦੇ ਵਿਸ਼ੇਸ਼ ਜੱਜ ਅਵਨੀਸ਼ ਗੌਤਮ ਨੇ ਅਨਸਾਰੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦਿਆਂ ਉਸ ’ਤੇ 1.20 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਅਨਸਾਰੀ ਨੇ ਬਾਂਦਾ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ। ਕਾਂਗਰਸ ਆਗੂ ਅਜੈ ਰਾਏ ਨੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ,‘‘ਖ਼ਤਰਨਾਕ ਅਪਰਾਧੀ ਖ਼ਿਲਾਫ਼ 32 ਸਾਲ ਤੋਂ ਚੱਲ ਰਿਹਾ ਸਾਡਾ ਸੰਘਰਸ਼ ਅੱਜ ਖ਼ਤਮ ਹੋ ਗਿਆ। ਮੈਂ, ਮੇਰੇ ਮਾਪੇ, ਅਵਧੇਸ਼ ਦੀ ਧੀ ਅਤੇ ਪੂਰੇ ਪਰਿਵਾਰ ਨੇ ਸੰਜਮ ਰੱਖਿਆ। ਸਰਕਾਰਾਂ ਆਈਆਂ ਅਤੇ ਗਈਆਂ ਪਰ ਮੁਖਤਾਰ ਆਪਣੇ ਆਪ ਨੂੰ ਤਾਕਤਵਰ ਬਣਾਉਂਦਾ ਗਿਆ। ਪਰ ਅਸੀਂ ਹੌਸਲਾ ਨਹੀਂ ਛੱਡਿਆ। ਵਕੀਲਾਂ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਅਦਾਲਤ ਨੇ ਮੁਖਤਾਰ ਨੂੰ ਮੇਰੇ ਭਰਾ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਹੈ।’’ ਰਾਏ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਧਮਕੀਆਂ ਮਿਲੀਆਂ ਹਨ ਅਤੇ ਉਹ ਸਰਕਾਰ ਤੋਂ ਸੁਰੱਖਿਆ ਦੀ ਮੰਗ ਕਰਦੇ ਹਨ। ਕਾਂਗਰਸ ਆਗੂ ਨੇ ਕਿਹਾ ਕਿ ਜੇਕਰ ਉਸ ਨੂੰ ਕੁਝ ਹੋ ਗਿਆ ਤਾਂ ਇਸ ਲਈ ਭਾਜਪਾ ਸਰਕਾਰ ਜ਼ਿੰਮੇਵਾਰ ਹੋਵੇਗੀ। ਅਨਸਾਰੀ ਦੇ ਵਕੀਲ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਉਹ ਦੋਸ਼ੀ ਦੀ ਉਮਰ ਨੂੰ ਦੇਖਦਿਆਂ ਫ਼ੈਸਲਾ ਸੁਣਾਉਣ। ਵਕੀਲ ਨੇ ਕਿਹਾ ਕਿ ਉਹ ਫ਼ੈਸਲੇ ਖ਼ਿਲਾਫ਼ ਉਪਰਲੀ ਅਦਾਲਤ ’ਚ ਅਪੀਲ ਦਾਖ਼ਲ ਕਰਨਗੇ। ਮਊ ਸਦਰ ਸੀਟ ਤੋਂ ਪੰਜ ਵਾਰ ਵਿਧਾਇਕ ਰਹੇ ਅਨਸਾਰੀ ਨੇ 2022 ਦੀਆਂ ਯੂਪੀ ਵਿਧਾਨ ਸਭਾ ਚੋਣਾਂ ਨਹੀਂ ਲੜੀਆਂ ਸਨ। ਇਸ ਸੀਟ ਤੋਂ ਉਸ ਦੇ ਪੁੱਤਰ ਅੱਬਾਸ ਅਨਸਾਰੀ ਨੇ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਤੋਂ ਟਿਕਟ ਹਾਸਲ ਕਰਕੇ ਜਿੱਤ ਹਾਸਲ ਕੀਤੀ ਸੀ ਜਿਸ ਦਾ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਸੀ। ਯੂਪੀ ਪੁਲੀਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਮੁਖਤਾਰ ਅਨਸਾਰੀ ਖ਼ਿਲਾਫ਼ ਯੂਪੀ, ਪੰਜਾਬ, ਨਵੀਂ ਦਿੱਲੀ ਅਤੇ ਹੋਰ ਸੂਬਿਆਂ ’ਚ ਕੁੱਲ 61 ਕੇਸ ਬਕਾਇਆ ਪਏ ਹਨ।

Add a Comment

Your email address will not be published. Required fields are marked *