ਪਾਕਿ ‘ਚ ਮਜ਼ਦੂਰੀ ਮੰਗਣ ‘ਤੇ ਹਿੰਦੂ ਔਰਤ ਨੂੰ ਅਗਵਾ ਕਰਕੇ ਕੀਤਾ ਸਮੂਹਿਕ ਜਬਰ-ਜ਼ਿਨਾਹ

ਗੁਰਦਾਸਪੁਰ/ਪਾਕਿ- ਪਾਕਿਸਤਾਨ ਦੇ ਰਾਜ ਪੰਜਾਬ ਦੇ ਬਾਵਲਪੁਰ ਸ਼ਹਿਰ ’ਚ ਇਕ ਹਿੰਦੂ ਔਰਤ ਨੂੰ ਇਸ ਲਈ ਅਗਵਾ ਕਰਕੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ, ਕਿਉਂਕਿ ਉਹ ਜਿਸ ਘਰ ’ਚ ਨੌਕਰੀ ਕਰਦੀ ਸੀ, ਉੱਥੇ ਆਪਣੇ ਕੰਮ ਦੇ ਪੈਸੇ ਮੰਗ ਰਹੀ ਸੀ।

ਸੂਤਰਾਂ ਅਨੁਸਾਰ ਬਾਵਲਪੁਰ ਵਾਸੀ ਮੁਹੰਮਦ ਅਕਰਮ ਦੇ ਕੋਲ ਇਕ ਹਿੰਦੂ ਔਰਤ ਘਰੇਲੂ ਕੰਮ ਕਰਦੀ ਸੀ ਪਰ ਮੁਹੰਮਦ ਅਕਰਮ ਲਗਭਗ 6 ਮਹੀਨੇ ਤੋਂ ਉਸ ਦੀ ਮਜ਼ਦੂਰੀ ਦੇਣ ’ਚ ਟਾਲ ਮਟੋਲ ਕਰ ਰਿਹਾ ਸੀ। ਜਿਸ ਕਾਰਨ ਹਿੰਦੂ ਔਰਤ ਨੇ ਉਸ ਦੇ ਘਰ ਦੀ ਨੌਕਰੀ ਛੱਡ ਦਿੱਤੀ। ਬੀਤੇ ਦਿਨ ਉਕਤ ਹਿੰਦੂ ਔਰਤ ਰੇਖਾ (ਅਸਲੀ ਨਾਮ ਨਹੀਂ) ਆਪਣੀ ਮਜ਼ਦੂਰੀ ਮੰਗਣ ਦੇ ਲਈ ਮੁਹੰਮਦ ਅਕਰਮ ਦੇ ਘਰ ਆਈ ਪਰ ਅਕਰਮ ਨੇ ਉਸ ਨੂੰ ਉੱਥੇ ਗਾਲਾਂ ਦੇ ਕੇ ਭਜਾ ਦਿੱਤਾ। ਜਿਸ ’ਤੇ ਰੇਖਾ ਨੇ ਵੀ ਮੁਹੰਮਦ ਅਕਰਮ ਨੂੰ ਕੁਝ ਸ਼ਬਦ ਕਹੇ। ਜਦ ਰੇਖਾ ਘਰ ਵਾਪਸ ਆ ਗਈ ਤਾਂ ਦੋਸ਼ੀ ਮੁਹੰਮਦ ਅਕਰਮ ਆਪਣੇ ਕੁਝ ਸਾਥੀਆਂ ਦੇ ਨਾਲ ਰੇਖਾ ਦੇ ਘਰ ਆ ਗਿਆ ਅਤੇ ਉਸ ਨੂੰ ਬੰਦੂਕ ਦੀ ਨੋਕ ’ਤੇ ਜ਼ਬਰਦਸਤੀ ਅਗਵਾ ਕਰਕੇ ਲੈ ਗਿਆ।

ਮੁਹੰਮਦ ਅਕਰਮ ਦੀ ਕੈਦ ਤੋਂ ਰਿਹਾਅ ਹੋਣ ਦੇ ਬਾਅਦ ਰੇਖਾ ਨੇ ਪੁਲਸ ਨੂੰ ਦੱਸਿਆ ਕਿ ਮੁਹੰਮਦ ਅਕਰਮ ਅਤੇ ਉਸ ਦੇ ਸਾਥੀ ਉਸ ਨੂੰ ਇਕ ਸੁੰਨਸਾਨ ਘਰ ਵਿਚ ਲੈ ਗਏ ਅਤੇ ਉੱਥੇ ਉਸ ਦੇ ਕੱਪੜੇ ਉਤਾਰ ਕੇ ਪਹਿਲਾਂ ਸਾਰਿਆਂ ਨੇ ਜਬਰ-ਜ਼ਿਨਾਹ ਕੀਤਾ ਅਤੇ ਬਾਅਦ ਵਿਚ ਉਸ ਨੂੰ ਉਲਟਾ ਲਟਕਾ ਕਰਕੇ ਕੁੱਟਮਾਰ ਕਰਕੇ ਉੱਥੇ ਛੱਡ ਕੇ ਚੱਲ ਗਏ। ਮੁਹੰਮਦ ਅਕਰਮ ਇਹ ਧਮਕੀ ਦੇ ਕੇ ਚਲਾ ਗਿਆ ਕਿ ਜਦ ਪੈਸੇ ਮੰਗੇ ਤਾਂ ਇਸ ਤੋਂ ਵੀ ਬੁਰਾ ਹਾਲ ਕੀਤਾ ਜਾਵੇਗਾ। ਪੁਲਸ ਨੇ ਸ਼ਿਕਾਇਤ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Add a Comment

Your email address will not be published. Required fields are marked *