ਵਿਜੇ ਮਾਲਿਆ ਦੀ ਵਧ ਸਕਦੀ ਹੈ ਮੁਸੀਬਤ , ਮਾਣਹਾਨੀ ਮਾਮਲੇ ‘ਚ ਅੱਜ ਸੁਣਾਈ ਜਾ ਸਕਦੀ ਹੈ ਸਜ਼ਾ

ਨਵੀਂ ਦਿੱਲੀ : ਸੁਪਰੀਮ ਕੋਰਟ ਵੱਲੋਂ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਨੂੰ ਅੱਜ ਮਾਣਹਾਨੀ ਮਾਮਲੇ ਵਿੱਚ ਸਜ਼ਾ ਸੁਣਾਏ ਜਾਣ ਦੀ ਸੰਭਾਵਨਾ ਹੈ। ਮਾਲਿਆ 9,000 ਕਰੋੜ ਰੁਪਏ ਤੋਂ ਵੱਧ ਦੇ ਬੈਂਕ ਕਰਜ਼ ਘੁਟਾਲੇ ਦਾ ਦੋਸ਼ੀ ਅਤੇ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਈਨਜ਼ ਦਾ ਸਾਬਕਾ ਮੁਖੀ ਹੈ। ਭਾਰਤ ਦੇ ਚੀਫ ਜਸਟਿਸ ਉਦੈ ਉਮੇਸ਼ ਲਲਿਤ ਅਤੇ ਜਸਟਿਸ ਐੱਸ. ਰਵਿੰਦਰ ਭੱਟ ਦੀ ਬੈਂਚ ਨੇ 10 ਮਾਰਚ ਨੂੰ ਮਾਲਿਆ ਦੇ ਖਿਲਾਫ ਮਾਣਹਾਨੀ ਦੇ ਮਾਮਲੇ ‘ਚ ਸਜ਼ਾ ‘ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਸੁਪਰੀਮ ਕੋਰਟ ਨੇ ਮਾਣਹਾਨੀ ਕਾਨੂੰਨ ਅਤੇ ਸਜ਼ਾ ਦੇ ਵੱਖ-ਵੱਖ ਪਹਿਲੂਆਂ ‘ਤੇ ਸੀਨੀਅਰ ਐਡਵੋਕੇਟ ਅਤੇ ਐਮੀਕਸ ਕਿਊਰੀ ਜੈਦੀਪ ਗੁਪਤਾ ਦੀਆਂ ਦਲੀਲਾਂ ਸੁਣੀਆਂ ਅਤੇ ਮਾਲਿਆ ਦੇ ਵਕੀਲ ਅੰਕੁਰ ਸਹਿਗਲ ਨੂੰ ਸਜ਼ਾ ‘ਤੇ ਲਿਖਤੀ ਤੌਰ ‘ਤੇ ਆਪਣਾ ਪੱਖ ਰੱਖਣ ਦਾ ਆਖਰੀ ਮੌਕਾ ਦਿੱਤਾ। ਬੈਂਚ ਨੇ ਆਪਣੇ ਹੁਕਮ ਵਿੱਚ ਕਿਹਾ ਸੀ, “ਵਕੀਲ ਅੰਕੁਰ ਸਹਿਗਲ ਨੂੰ ਆਪਣੀ ਦਲੀਲ ਪੇਸ਼ ਕਰਨ ਲਈ ਕਿਹਾ ਗਿਆ ਸੀ ਪਰ ਉਸ ਨੇ ਇਸ ਲਈ ਆਪਣੀ ਅਯੋਗਤਾ ਪ੍ਰਗਟਾਈ ਹੈ, ਫਿਰ ਵੀ ਅਸੀਂ ਉਨ੍ਹਾਂ ਨੂੰ 15 ਮਾਰਚ, 2022 ਤੱਕ ਆਪਣੀ ਦਲੀਲ ਪੇਸ਼ ਕਰਨ ਦਾ ਮੌਕਾ ਦਿੰਦੇ ਹਾਂ। ਇਸ ਦੀ ਇੱਕ ਕਾਪੀ ਐਮੀਕਸ ਕਿਊਰੀ ਨੂੰ ਦਿੱਤੀ ਜਾਣੀ ਚਾਹੀਦੀ ਹੈ। ਆਰਡਰ ਰਾਖਵਾਂ ਰੱਖਿਆ ਜਾਂਦਾ ਹੈ।”

ਮਾਲਿਆ ਦੇ ਵਕੀਲ ਨੇ ਕਿਹਾ ਸੀ ਕਿ ਕਿਉਂਕਿ ਉਨ੍ਹਾਂ ਦਾ ਮੁਵੱਕਿਲ ਮੌਜੂਦ ਨਹੀਂ ਹੈ ਬ੍ਰਿਟੇਨ ‘ਚ ਹੈ, ਇਸ ਲਈ ਉਹ ਕੁਝ ਨਹੀਂ ਕਰ ਸਕਦਾ ਅਤੇ ਇਸ ਲਈ ਮਾਣਹਾਨੀ ਮਾਮਲੇ ‘ਚ ਸਜ਼ਾ ‘ਤੇ ਬਹਿਸ ਨਹੀਂ ਕਰ ਸਕਦਾ। ਬੈਂਚ ਨੇ ਕਿਹਾ ਸੀ, “ਸਾਨੂੰ ਦੱਸਿਆ ਗਿਆ ਹੈ ਕਿ ਯੂਕੇ ਵਿੱਚ ਕੁਝ ਕਾਰਵਾਈ ਚੱਲ ਰਹੀ ਹੈ। ਇਹ ਇੱਕ ਅਣਜਾਣ ਵਰਗੀ ਸਥਿਤੀ ਹੈ, ਜਿਸ ਬਾਰੇ ਅਸੀਂ ਜਾਣੂ ਨਹੀਂ ਹਾਂ। ਕਿੰਨੇ ਕੇਸ ਹਨ ਸਾਨੂੰ ਨਹੀਂ ਪਤਾ। ਜਿੱਥੋਂ ਤੱਕ ਸਾਡੇ ਅਧਿਕਾਰ ਖੇਤਰ ਦਾ ਸਵਾਲ ਹੈ, ਅਸੀਂ ਕਦੋਂ ਤੱਕ ਇਸ ਤਰ੍ਹਾਂ ਕਰਦੇ ਰਹਾਂਗੇ।”

Add a Comment

Your email address will not be published. Required fields are marked *