ਲੋਕ ਸਭਾ ’ਚ ਦਿੱਤੇ ਭਾਸ਼ਣਾਂ ਬਾਰੇ ਹੁਣ ਇੰਟਰਨੈੱਟ ’ਤੇ ਮਿਲ ਸਕੇਗੀ ਜਾਣਕਾਰੀ

ਪਟਿਆਲਾ – ਕੇਂਦਰ ਸਰਕਾਰ ਦੇ ਮਨਿਸਟਰੀ ਆਫ਼ ਇਲੈਕਟ੍ਰੋਨਿਕ ਇਨਫਰਮੇਸ਼ਨ ਕਮਿਊਨੀਕੇਸ਼ਨ ਟੈਕਨਾਲੋਜੀ ਨੇ ਇਕ ਬੇਹੱਦ ਅਹਿਮ ਫੈਸਲਾ ਲੈਂਦਿਆਂ ਲੋਕ ਸਭਾ ’ਚ ਦਿੱਤੇ ਗਏ ਸਮੁੱਚੇ ਭਾਸ਼ਣਾਂ, ਸਮੁੱਚੀਆਂ ਬਹਿਸਾਂ ਨੂੰ ਆਮ ਲੋਕਾਂ ਤਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਆਉਣ ਵਾਲੇ ਸਮੇਂ ’ਚ ਇਹ ਸਾਰਾ ਕੁਝ ਇੰਟਰਨੈੱਟ ’ਤੇ ਸਰਚ ਕਰ ਕੇ ਮਿਲ ਜਾਵੇਗਾ। ਇਸ ਰਿਕਾਰਡ ’ਚ 1947 ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਲੀਡਰਾਂ, ਮੰਤਰੀਆਂ, ਪ੍ਰਧਾਨ ਮੰਤਰੀਆਂ ਵੱਲੋਂ ਲੋਕ ਸਭਾ ’ਚ ਪੜ੍ਹੇ ਗਏ ਭਾਸ਼ਣਾਂ ਦੇ 14 ਲੱਖ ਪੇਜ ਨੂੰ ਇੰਟਰਨੈੱਟ ’ਤੇ ਰਿਸਰਚ ਕਰਨ ਯੋਗ ਹੋਣਗੇ।

ਇਸ ਦੇ ਲਈ ਮਨਿਸਟਰੀ ਆਫ਼ ਇਲੈਕਟ੍ਰੋਨਿਕ ਇਨਫਰਮੇਸ਼ਨ ਕਮਿਊਨੀਕੇਸ਼ਨ ਟੈਕਨਾਲੋਜੀ ਨੇ 6 ਯੂਨੀਵਰਸਿਟੀਆਂ ਦੀ ਮਦਦ ਲਈ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਇਨ੍ਹਾਂ ’ਚੋਂ ਇਕ ਅਹਿਮ ਯੂਨੀਵਰਸਿਟੀ ਹੈ, ਜਿਹੜੀ ਕਿ ਇਸ ਕੰਮ ਲਈ ਪੂਰੀ ਤਰ੍ਹਾਂ ਜੁੜ ਚੁੱਕੀ ਹੈ। ਇਨ੍ਹਾਂ ਭਾਸ਼ਣਾਂ ਦੀਆਂ ਜੇ. ਪੀ. ਜੀ. ਫਾਈਲਾਂ ਜਾਂ ਪੀ. ਡੀ. ਐੱਫ. ਫਾਈਲਾਂ ਨੂੰ ਓਪਟੀਕਲ ਕ੍ਰੈਕਟਰ ਰਿਕੋਨਾਈਜੇਸ਼ਨ (ਓ. ਸੀ. ਆਰ.) ਦੀ ਮਦਦ ਨਾਲ ਇੰਟਰਨੈੱਟ (ਗੂਗਲ ਆਦਿ) ’ਤੇ ਹੁੰਦੇ ਆਮ ਸ਼ਬਦਾਂ ਦੀ ਰਿਸਰਚ ਵਾਂਗ ਇਹ ਭਾਸ਼ਣਾਂ ਦੀ ਰਿਸਰਚ ਵੀ ਹੋ ਸਕੇਗੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਸਰਚ ਸੈਂਟਰ ਫ਼ਾਰ ਟੈਕਨੀਕਲ ਡਿਵੈਲਪਮੈਂਟ ਆਫ਼ ਪੰਜਾਬੀ ਵਿਭਾਗ ਨੇ ਇਹ ਕੰਮ ਸੰਭਾਲਿਆ ਹੈ। ਇਸ ਵਿਭਾਗ ’ਚ ਇਹ ਕੰਮ ਡਾ. ਗੁਰਪ੍ਰੀਤ ਸਿੰਘ ਲਹਿਲ ਦੀ ਅਗਵਾਈ ’ਚ ਕੀਤਾ ਜਾ ਰਿਹਾ ਹੈ।

ਡਾ. ਗੁਰਪ੍ਰੀਤ ਸਿੰਘ ਲਹਿਲ ਅਨੁਸਾਰ ਲੋਕ ਸਭਾ ’ਚ ਪੜ੍ਹੇ ਗਏ ਭਾਸ਼ਣਾਂ ਅਤੇ ਹੋਰ ਸਮੱਗਰੀ ਦੇ 14 ਲੱਖ ਸਫ਼ਿਆਂ ਦੀਆਂ ਫ਼ੋਟੋਆਂ ਖਿੱਚ ਕੇ ਉਸ ਦੀ ਪੀ. ਡੀ. ਐੱਫ. ਬਣਾ ਲਈ ਸੀ ਪਰ ਇਹ ਗੂਗਲ ਜਾਂ ਹੋਰ ਰਿਸਰਚ ਇੰਜਣਾਂ ’ਤੇ ਰਿਸਰਚ ਹੋਣ ਦੇ ਕਾਬਿਲ ਨਹੀਂ ਹਨ। ਕਿਉਂਕਿ ਰਿਸਰਚ ਇੰਜਣ ਸਿਰਫ਼ ਸ਼ਬਦਾਂ ਦੇ ਕ੍ਰੈਕਟਰ ਹੀ ਫੜ ਕੇ ਉਸ ਦੀ ਖੋਜ ਕਰਦਾ ਹੈ ਪਰ ਲੋਕ ਸਭਾ ਵੱਲੋਂ ਇਸ ਸਬੰਧੀ ਕੰਮ ਸਬੰਧਤ ਮਨਿਸਟਰੀ ਨੂੰ ਦਿੱਤਾ ਜਿਸ ਬਾਰੇ 6 ਯੂਨੀਵਰਸਿਟੀਆਂ ਆਈ. ਆਈ. ਆਈ. ਟੀ. ਹੈਦਰਾਬਾਦ, ਆਈ. ਆਈ. ਟੀ. ਦਿੱਲੀ, ਆਈ. ਆਈ. ਟੀ. ਮੁੰਬਈ, ਆਈ. ਆਈ. ਟੀ. ਜੋਧਪੁਰ, ਸੀਡੈੱਕ ਨੋਇਡਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਰਾਬਤਾ ਕਾਇਮ ਕੀਤਾ ਗਿਆ। ਇਸ ਸਬੰਧੀ ਓ. ਸੀ. ਆਰ. ਪ੍ਰਣਾਲੀ ਨਾ ਫ਼ੋਟੋ ਅੰਦਰਲੇ ਸ਼ਬਦਾਂ ਦੇ ਕ੍ਰੈਕਟਰਾਂ ਦੀ ਖੋਜ ਕਰਨ ਦੇ ਵੱਡੇ ਹਿੱਸੇ ਦਾ ਜ਼ਿੰਮਾ ਪੰਜਾਬੀ ਯੂਨੀਵਰਸਿਟੀ ਨੂੰ ਦਿੱਤਾ ਗਿਆ।

ਇਹ ਸਾਰਾ ਪ੍ਰਾਜੈਕਟ 14 ਕਰੋੜ ਰੁਪਏ ਦਾ ਹੈ। ਜੇਕਰ ਇਹ ਸਾਡੇ ਕੋਲ ਨਾ ਆਉਂਦਾ ਤਾਂ 14 ਲੱਖ ਪੇਜ ਟਾਈਪ ਕਰਨੇ ਪੈਣੇ ਸਨ। ਉਸ ਤੋਂ ਬਾਅਦ ਹੀ ਰਿਸਰਚ ਇੰਜਣ ’ਚ ਖੋਜ ਦੇ ਸਮਰੱਥ ਬਣਨੇ ਸਨ। ਇਹ ਸਿਰਫ਼ ਅੰਗਰੇਜ਼ੀ ਜਾਂ ਹਿੰਦੀ ਭਾਸ਼ਾਵਾਂ ’ਚ ਹੀ ਖੋਜ ਨਹੀਂ ਕਰੇਗਾ, ਸਗੋਂ ਭਾਰਤ ਦੀਆਂ 22 ਭਾਸ਼ਾਵਾਂ ’ਚ ਲਿਖੇ ਗਏ ਪੱਤਰਾਂ ’ਚ ਲਿਖੇ ਸ਼ਬਦਾਂ ਦੀ ਖੋਜ ਕਰਨ ਦੇ ਸਮਰੱਥ ਬਣਾਇਆ ਜਾ ਰਿਹਾ ਹੈ।

Add a Comment

Your email address will not be published. Required fields are marked *