2 ਦਿਨਾ ਭਾਰਤ ਦੌਰੇ ‘ਤੇ ਆਉਣਗੇ ਅਮਰੀਕੀ ਰੱਖਿਆ ਮੰਤਰੀ ਆਸਟਿਨ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਸ਼ਿੰਗਟਨ ਦੌਰੇ ਤੋਂ ਪਹਿਲਾਂ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਐਤਵਾਰ ਤੋਂ ਭਾਰਤ ਦੇ 2 ਦਿਨਾ ਦੌਰੇ ‘ਤੇ ਹੋਣਗੇ। ਇਸ ਦੌਰਾਨ ਉਹ ਦੁਵੱਲੇ ਰਣਨੀਤਕ ਸਬੰਧਾਂ ਨੂੰ ਹੋਰ ਵਧਾਉਣ ਦੇ ਤਰੀਕਿਆਂ ‘ਤੇ ਚਰਚਾ ਕਰਨਗੇ। ਆਸਟਿਨ ਦੇ ਦੌਰੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਅਮਰੀਕੀ ਰੱਖਿਆ ਮੰਤਰੀ ਆਸਟਿਨ ਕਈ ਨਵੇਂ ਰੱਖਿਆ ਸਹਿਯੋਗ ਪ੍ਰੋਜੈਕਟਾਂ ‘ਤੇ ਚਰਚਾ ਕਰਨ ਜਾ ਰਹੇ ਹਨ।

ਕਰੀਬ 2 ਹਫ਼ਤਿਆਂ ਬਾਅਦ ਇਨ੍ਹਾਂ ਪ੍ਰਾਜੈਕਟਾਂ ਦੇ ਵੇਰਵੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਮੋਦੀ ਦੀ ਗੱਲਬਾਤ ਤੋਂ ਬਾਅਦ ਉਪਲਬਧ ਕਰਵਾਏ ਜਾਣਗੇ। ਜਨਰਲ ਇਲੈਕਟ੍ਰਿਕ ਦੇ ਭਾਰਤ ਨਾਲ ਲੜਾਕੂ ਜੈੱਟ ਇੰਜਣਾਂ ਲਈ ਟੈਕਨਾਲੋਜੀ ਸਾਂਝੀ ਕਰਨ ਦੇ ਪ੍ਰਸਤਾਵ ਅਤੇ ਅਮਰੀਕੀ ਰੱਖਿਆ ਉਪਕਰਨ ਕੰਪਨੀ ਜਨਰਲ ਐਟੋਮਿਕਸ ਐਰੋਨਾਟਿਕਲ ਸਿਸਟਮਜ਼ ਇੰਕ ਤੋਂ 3 ਅਰਬ ਡਾਲਰ ਦੀ ਲਾਗਤ ਨਾਲ 30 ਐੱਮਕਿਊ-9ਬੀ ਹਥਿਆਰਬੰਦ ਡਰੋਨ ਖਰੀਦਣ ਦੀ ਭਾਰਤ ਦੀ ਯੋਜਨਾ ‘ਤੇ ਸੋਮਵਾਰ ਨੂੰ ਸਿੰਘ-ਆਸਟਿਨ ਵਿਚਾਲੇ ਚਰਚਾ ਹੋਣ ਦੀ ਸੰਭਾਵਨਾ ਹੈ। ਭਾਰਤ ਆਪਣੇ ਲੜਾਕੂ ਜਹਾਜ਼ਾਂ ਲਈ ਟਰਾਂਸਫਰ ਆਫ਼ ਟੈਕਨਾਲੋਜੀ ਫਰੇਮਵਰਕ ਦੇ ਤਹਿਤ ਦੇਸ਼ ਵਿੱਚ ਲੜਾਕੂ ਜਹਾਜ਼ਾਂ ਦੇ ਇੰਜਣਾਂ ਦੇ ਨਿਰਮਾਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾ ਰਿਹਾ ਹੈ।

ਰੱਖਿਆ ਮੰਤਰਾਲੇ ਮੁਤਾਬਕ ਅਮਰੀਕੀ ਰੱਖਿਆ ਮੰਤਰੀ ਭਾਰਤ ਦੇ 2 ਦਿਨਾ ਦੌਰੇ ‘ਤੇ ਐਤਵਾਰ ਨੂੰ ਸਿੰਗਾਪੁਰ ਤੋਂ ਨਵੀਂ ਦਿੱਲੀ ਪਹੁੰਚਣਗੇ। ਆਸਟਿਨ ਦੀ ਇਹ ਦੂਜੀ ਭਾਰਤ ਯਾਤਰਾ ਹੋਵੇਗੀ। ਇਸ ਤੋਂ ਪਹਿਲਾਂ ਉਹ ਮਾਰਚ 2021 ਵਿੱਚ ਭਾਰਤ ਦਾ ਦੌਰਾ ਕਰ ਚੁੱਕੇ ਹਨ। ਰੱਖਿਆ ਮੰਤਰਾਲੇ ਨੇ ਕਿਹਾ ਕਿ ਜਰਮਨੀ ਦੇ ਰੱਖਿਆ ਮੰਤਰੀ ਬੋਰਿਸ ਪਿਸਟੋਰੀਅਸ ਵੀ ਰਾਜਨਾਥ ਨਾਲ ਦੁਵੱਲੀ ਗੱਲਬਾਤ ਕਰਨਗੇ। ਦੋਵਾਂ ਆਗੂਆਂ ਵਿਚਾਲੇ 6 ਜੂਨ ਨੂੰ ਗੱਲਬਾਤ ਹੋਵੇਗੀ। ਮੰਤਰਾਲੇ ਮੁਤਾਬਕ ਰਾਜਨਾਥ ਦੀ ਆਸਟਿਨ ਅਤੇ ਪਿਸਟੋਰੀਅਸ ਨਾਲ ਮੁਲਾਕਾਤ ਦੌਰਾਨ ਉਦਯੋਗਿਕ ਸਹਿਯੋਗ ਦੇ ਨਾਲ-ਨਾਲ ਦੁਵੱਲੇ ਰੱਖਿਆ ਸਹਿਯੋਗ ਨਾਲ ਜੁੜੇ ਕਈ ਮੁੱਦਿਆਂ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ।

Add a Comment

Your email address will not be published. Required fields are marked *