ਕੇਂਦਰੀਕ੍ਰਿਤ ਦਾਖ਼ਲਾ ਪੋਰਟਲ ਖ਼ਿਲਾਫ਼ ਪੰਜਾਬ ਵਿੱਚ ਬੰਦ ਰਹੇ 200 ਤੋਂ ਵੱਧ ਕਾਲਜ

ਅੰਮ੍ਰਿਤਸਰ, 31 ਮਈ-: ਕੇਂਦਰੀਕ੍ਰਿਤ ਦਾਖ਼ਲਾ ਪੋਰਟਲ ਬਾਰੇ ਸੂਬਾ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਅੱਜ ਏਡਿਡ ਅਤੇ ਅਨ-ਏਡਿਡ ਕਾਲਜ ਮੈਨੇਜਮੈਂਟ, ਸੂਬੇ ਦੀਆਂ ਤਿੰਨ ਯੂਨੀਵਰਸਿਟੀਆਂ ਦੇ ਪ੍ਰਿੰਸੀਪਲਾਂ ਦੀ ਐਸੋਸੀਏਸ਼ਨ, ਪੰਜਾਬ ਚੰਡੀਗੜ੍ਹ ਕਾਲਜਿਜ਼ ਟੀਚਰਜ਼ ਯੂਨੀਅਨ (ਪੀਸੀਸੀਟੀਯੂ) ਦੀ ਸਾਂਝੀ ਐਕਸ਼ਨ ਕਮੇਟੀ (ਜੈਕ) ਦੀ ਅਗਵਾਈ ਹੇਠ ਸੂਬੇ ਦੇ ਲਗਪਗ 200 ਤੋਂ ਵੱਧ ਕਾਲਜ ਬੰਦ ਰਹੇ ਅਤੇ ਪ੍ਰੀਖਿਆਵਾਂ ਦਾ ਬਾਈਕਾਟ ਕੀਤਾ ਗਿਆ।

ਇਸ ਦੌਰਾਨ ਅੰਮ੍ਰਿਤਸਰ ਵਿੱਚ ਖਾਲਸਾ ਕਾਲਜ ਅਤੇ ਖਾਲਸਾ ਕਾਲਜ ਫਾਰ ਵਿਮੈਨ ਵਿੱਚ ਮੈਨੇਜਮੈਂਟ ਤੇ ਅਧਿਆਪਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ, ਏਡਿਡ ਕਾਲਜ ਮੈਨੇਜਮੈਂਟ ਫੈਡਰੇਸ਼ਨ ਦੇ ਪ੍ਰਧਾਨ ਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਕੌਂਸਲ ਮੈਂਬਰ, ਸਮੂਹ ਖਾਲਸਾ ਸੰਸਥਾਵਾਂ ਦੇ ਪ੍ਰਿੰਸੀਪਲ, ਪੀਸੀਸੀਟੀਯੂ ਕੇਡਰ, ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਪੋਰਟਲ ਦਾ ਮੰਤਵ ਸੂਬੇ ’ਚ ਉੱਚ ਸਿੱਖਿਆ ਸੰਸਥਾਵਾਂ ਨੂੰ ਤਬਾਹ ਕਰਨਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਅਫ਼ਸਰਸ਼ਾਹੀ ਦਬਾਅ ਹੇਠ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਸ ਫ਼ੈਸਲੇ ਨਾਲ ਕਾਲਜਾਂ ਨੂੰ ਪ੍ਰਬੰਧਕੀ ਅਤੇ ਵਿੱਤੀ ਤੌਰ ’ਤੇ ਨੁਕਸਾਨ ਹੋਵੇਗਾ।

ਸ੍ਰੀ ਮਜੀਠੀਆ ਅਤੇ ਸ੍ਰੀ ਛੀਨਾ ਨੇ ‘ਆਪ’ ਸਰਕਾਰ ਨੂੰ ਸਬੰਧਤ ਧਿਰਾਂ ਦੀ ਗੱਲ ਨਾ ਸੁਣਨ ਤੇ ‘ਤਾਨਾਸ਼ਾਹੀ ਦੀ ਨੀਤੀ’ ਅਪਣਾਉਣ ਲਈ ਨਿਸ਼ਾਨਾ ਬਣਾਇਆ। ਉਨ੍ਹਾਂ ਉਚੇਰੀ ਸਿੱਖਿਆ ਵਿਭਾਗ ਅਤੇ ਡੀਪੀਆਈ ਅਧਿਕਾਰੀਆਂ ਦੇ ਰਵੱਈਏ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਉਹ ਪ੍ਰਾਈਵੇਟ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਕਾਲਜਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਖ਼ਿਲਾਫ਼ ਇਹ ਰੋਸ ਤਿੰਨ ਦਿਨ ਲਗਾਤਾਰ ਜਾਰੀ ਰਹੇਗਾ ਤੇ ਕਾਲਜ ਬੰਦ ਰੱਖੇ ਜਾਣਗੇ। ਚੌਥੇ ਦਿਨ ਚੰਡੀਗੜ੍ਹ ਵਿੱਚ ਸਾਂਝੇ ਤੌਰ ’ਤੇ ਸਰਕਾਰ ਖ਼ਿਲਾਫ਼ ਵੱਡੀ ਰੈਲੀ ਕੀਤੀ ਜਾਵੇਗੀ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਜੈਕ ਦੀ ਕਾਲਜ ਤਾਲਾਬੰਦੀ ਦੇ ਸੱਦੇ ਨੂੰ ਧਿਆਨ ਵਿਚ ਰਖਦਿਆਂ ਕੱਲ੍ਹ ਹੀ ਸਾਰੇ ਪ੍ਰੀਖਿਆ ਕੇਂਦਰ ਤਬਦੀਲ ਕਰ ਦਿੱਤੇ ਗਏ ਸਨ ਜਿੱਥੇ ਅੱਜ ਪ੍ਰੀਖਿਆ ਕਰਵਾਈ ਗਈ ਹੈ। ਯੂਨੀਵਰਸਿਟੀ ਦੇ ਪ੍ਰੀਖਿਆਵਾਂ ਦੇ ਇੰਚਾਰਜ ਡਾ. ਪਲਵਿੰਦਰ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਕੱਲ੍ਹ ਹੀ ਲਗਪਗ 27 ਸਰਕਾਰੀ ਕਾਲਜਾਂ ਵਿੱਚ ਲਗਪਗ 40 ਪ੍ਰੀਖਿਆ ਕੇਂਦਰ ਤਬਦੀਲ ਕਰ ਦਿੱਤੇ ਗਏ ਸਨ। ਸਰਕਾਰੀ ਕਾਲਜਾਂ ਦੇ ਅਮਲੇ ਦੀ ਮਦਦ ਨਾਲ ਅੱਜ ਨਿਰਵਿਘਨ ਪ੍ਰੀਖਿਆਵਾਂ ਕਰਵਾਈਆਂ ਗਈਆਂ ਹਨ।

Add a Comment

Your email address will not be published. Required fields are marked *