ਕਾਂਗਰਸੀ ਆਗੂ ਨੂੰ ਜਾਨੋਂ ਮਾਰਨ ਦੀ ਧਮਕੀ, ਘਰ ‘ਤੇ ਚਲਾਈਆਂ ਗੋਲੀਆਂ

ਕੁਰਾਲੀ : ਗਊ ਸੇਵਾ ਕਮਿਸ਼ਨ ਪੰਜਾਬ ਦੇ ਸਾਬਕਾ ਵਾਈਸ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚਾਵਲਾ ਨੂੰ ਇਕ ਗੈਂਗਸਟਰ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੋਂ ਬਾਅਦ ਬੀਤੀ ਰਾਤ ਕੁਝ ਨੌਜਵਾਨਾਂ ਨੇ ਉਨ੍ਹਾਂ ਦੇ ਘਰ ’ਤੇ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਇਹ ਨੌਜਵਾਨ ਵਿਹੜੇ ’ਚ ਗੋਲੀਆਂ ਦੇ ਖੋਲ ਤੇ ਧਮਕੀ ਭਰੀ ਚਿੱਠੀ ਸੁੱਟ ਕੇ ਚਲੇ ਗਏ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਮਲਜੀਤ ਚਾਵਲਾ ਨੇ ਪੁਲਸ ਤੋਂ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ।

ਜਾਣਕਾਰੀ ਮੁਤਾਬਕ ਕਮਲਜੀਤ ਚਾਵਲਾ ਨੂੰ ਹਾਲ ਹੀ ‘ਚ ਇਕ ਗੈਂਗਸਟਰ ਦਾ ਧਮਕੀ ਭਰਿਆ ਫ਼ੋਨ ਆਇਆ ਸੀ, ਜਿਸ ‘ਚ ਉਸ ਨੇ ਆਗੂ ਨੂੰ 2 ਦਿਨਾਂ ਵਿਚ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਗੈਂਗਸਟਰ ਨੇ ਧਮਕੀ ਦਿੱਤੀ ਸੀ ਕਿ ਉਹ ਪੁਲਸ ਨਾਲ ਜਿੱਥੇ ਵੀ ਚਲਾ ਜਾਵੇ, ਉਸ ਨੂੰ ਉਹ ਨਹੀਂ ਛੱਡੇਗਾ। ਕਮਲਜੀਤ ਚਾਵਲਾ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ ਸੀ। ਬੀਤੀ ਰਾਤ 2-3 ਨੌਜਵਾਨਾਂ ਨੇ ਕਮਲਜੀਤ ਚਾਵਲਾ ਦੇ ਘਰ ’ਤੇ ਹਥਿਆਰ ਲਹਿਰਾਉਂਦੇ ਹੋਏ ਉਨ੍ਹਾਂ ਦੇ ਘਰ ਗੋਲੀਆਂ ਦੇ ਖੋਲ ਤੇ ਧਮਕੀ ਭਰੀ ਚਿੱਠੀ ਸੁੱਟੀ। ਇਹ ਘਟਨਾ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ।

ਚਾਵਲਾ ਨੇ ਦੱਸਿਆ ਕਿ ਸਵੇਰੇ ਉਸ ਨੇ ਦੇਖਿਆ ਕਿ ਉਸ ਦੇ ਘਰ ‘ਚ ਗੋਲੀਆਂ ਦੇ ਖੋਲ ਪਏ ਸਨ ਅਤੇ ਇਕ ਪੱਤਰ ਵੀ ਸੀ, ਜਿਸ ‘ਚ ਉਨ੍ਹਾਂ ਨੂੰ ਮਾਰ ਦੇਣ ਦੀ ਗੱਲ ਕਹੀ ਗਈ ਹੈ। ਇਸ ਤੋਂ ਬਾਅਦ ਉਸ ਨੇ ਘਰ ਦਾ ਸੀ. ਸੀ. ਟੀ. ਵੀ. ਚੈੱਕ ਕੀਤਾ ਤਾਂ ਫੁਟੇਜ ਵਿਚ 2-3 ਨੌਜਵਾਨ ਉਨ੍ਹਾਂ ਦੇ ਘਰ ਅੱਗੇ ਘੁੰਮਦੇ ਦੇਖੇ ਗਏ, ਜਿਨ੍ਹਾਂ ਦੇ ਹੱਥਾਂ ‘ਚ ਹਥਿਆਰ ਵੀ ਹਨ। ਇੰਨਾ ਹੀ ਨਹੀਂ, ਪੁਲਸ ਦੀ ਮੌਜੂਦਗੀ ’ਚ ਵੀ ਚਾਵਲਾ ਨੂੰ ਇਕ ਗੈਂਗਸਟਰ ਦਾ ਫੋਨ ਆਇਆ, ਜਿਸ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਐੱਸ. ਐੱਚ. ਓ. ਗਗਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ।

Add a Comment

Your email address will not be published. Required fields are marked *