ਮਣੀਪੁਰ ਹਿੰਸਾ : ਖਿਡਾਰੀਆਂ ਨੇ ਪੁਰਸਕਾਰ ਵਾਪਸ ਕਰਨ ਦੀ ਚਿਤਾਵਨੀ ਦਿੰਦਿਆਂ ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰ

ਮਣੀਪੁਰ ਦੇ ਅੰਤਰਰਾਸ਼ਟਰੀ ਤੇ ਰਾਸ਼ਟਰੀ ਪੁਰਸਕਾਰ ਜੇਤੂ ਖਿਡਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਰਾਜ ਦੀ ਖੇਤਰੀ ਅਖੰਡਤਾ ਨਾਲ ਸਮਝੌਤਾ ਕੀਤਾ ਜਾਂਦਾ ਹੈ ਤਾਂ ਉਹ ਸਰਕਾਰ ਦੁਆਰਾ ਦਿੱਤੇ ਪੁਰਸਕਾਰ ਵਾਪਸ ਕਰ ਦੇਣਗੇ। ਇਨ੍ਹਾਂ ‘ਚੋਂ 11 ਖਿਡਾਰੀ ਸੂਬੇ ਦੇ ਦੌਰੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਮੁੱਦੇ ‘ਤੇ ਮੰਗ ਪੱਤਰ ਸੌਂਪਣਗੇ।

ਐੱਲ ਅਨੀਤਾ ਚਾਨੂ (ਧਿਆਨ ਚੰਦ ਐਵਾਰਡ ਜੇਤੂ), ਅਰਜੁਨ ਐਵਾਰਡ ਜੇਤੂ ਐੱਨ ਕੁੰਜਰਾਨੀ ਦੇਵੀ (ਪਦਮ ਸ਼੍ਰੀ), ਐੱਲ ਸਰਿਤਾ ਦੇਵੀ ਅਤੇ ਡਬਲਯੂ ਸੰਧਿਆਰਾਣੀ ਦੇਵੀ (ਪਦਮ ਸ਼੍ਰੀ ਐਵਾਰਡ ਜੇਤੂ) ਤੇ ਐੱਸ ਮੀਰਾਬਾਈ ਚਾਨੂ (ਪਦਮ ਸ਼੍ਰੀ ਅਤੇ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਜੇਤੂ) ਉਨ੍ਹਾਂ 11 ਖਿਡਾਰੀਆਂ ‘ਚ ਸ਼ਾਮਲ ਹਨ, ਜਿਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਪੱਤਰ ਲਿਖਿਆ ਹੈ। ਅਨੀਤਾ ਚਾਨੂ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ”ਜੇਕਰ ਅਮਿਤ ਸ਼ਾਹ ਸਾਨੂੰ ਮਣੀਪੁਰ ਦੀ ਅਖੰਡਤਾ ਦੀ ਰੱਖਿਆ ਕਰਨ ਦਾ ਭਰੋਸਾ ਨਹੀਂ ਦਿੰਦੇ ਤਾਂ ਅਸੀਂ ਭਾਰਤ ਸਰਕਾਰ ਵੱਲੋਂ ਦਿੱਤੇ ਪੁਰਸਕਾਰ ਵਾਪਸ ਕਰ ਦੇਵਾਂਗੇ।

ਉਨ੍ਹਾਂ ਕਿਹਾ ਕਿ ਜੇਕਰ ਮੰਗ ਪੂਰੀ ਨਾ ਕੀਤੀ ਗਈ ਤਾਂ ਭਵਿੱਖ ਵਿੱਚ ਖਿਡਾਰੀ ਭਾਰਤ ਦੀ ਨੁਮਾਇੰਦਗੀ ਨਹੀਂ ਕਰਨਗੇ ਤੇ ਨਾ ਹੀ ਕੋਈ ਉਭਰਦੀ ਪ੍ਰਤਿਭਾ ਨੂੰ ਸਿਖਲਾਈ ਦੇਣਗੇ। ਇਹ 11 ਖਿਡਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਿਤ ਮੰਗ ਪੱਤਰ ਸ਼ਾਹ ਨੂੰ ਸੌਂਪਣ ਗਏ ਸਨ ਪਰ ਅਜਿਹਾ ਨਹੀਂ ਕਰ ਸਕੇ ਕਿਉਂਕਿ ਕੇਂਦਰੀ ਗ੍ਰਹਿ ਮੰਤਰੀ ਕੁਕੀ ਪੀੜਤਾਂ ਅਤੇ ਸੰਗਠਨਾਂ ਨੂੰ ਮਿਲਣ ਲਈ ਚੂਰਾਚੰਦਪੁਰ ਗਏ ਹੋਏ ਸਨ। ਚਾਨੂ ਨੇ ਕਿਹਾ, “ਅਸੀਂ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੂੰ ਮੰਗ ਪੱਤਰ ਦੀ ਇਕ ਕਾਪੀ ਸੌਂਪ ਦਿੱਤੀ ਹੈ। ਉਨ੍ਹਾਂ ਚੂਰਾਚੰਦਪੁਰ ਤੋਂ ਵਾਪਸ ਆਉਣ ਤੋਂ ਬਾਅਦ ਸ਼ਾਮ ਨੂੰ ਸ਼ਾਹ ਨਾਲ ਮੁਲਾਕਾਤ ਕਰਵਾਉਣ ਦਾ ਭਰੋਸਾ ਦਿੱਤਾ ਹੈ, ਫਿਰ ਅਸੀਂ ਉਨ੍ਹਾਂ ਨੂੰ ਮੈਮੋਰੰਡਮ ਸੌਂਪਾਂਗੇ।”

Add a Comment

Your email address will not be published. Required fields are marked *