IPL 2023 ‘ਚ ਮੁੱਕਿਆ ਪੰਜਾਬ ਦਾ ਸਫ਼ਰ, ਜ਼ਰੂਰੀ ਮੁਕਾਬਲੇ ‘ਚ ਰਾਜਸਥਾਨ ਨੇ 4 ਵਿਕਟਾਂ ਨਾਲ ਦਿੱਤੀ ਸ਼ਿਕਸਤ

ਆਈ.ਪੀ.ਐੱਲ. 2023 ਵਿਚ ਪੰਜਾਬ ਕਿੰਗਜ਼ ਦਾ ਸਫ਼ਰ ਮੁੱਕ ਗਿਆ ਹੈ। ਹੁਣ ਫੈਨਜ਼ ਨੂੰ ਕੱਪ ਦੀ ਉਮੀਦ ਨਾਲ ਅਗਲੇ ਸਾਲ ਦਾ ਇੰਤਜ਼ਾਰ ਕਰਨਾ ਪਵੇਗਾ। ਅੱਜ ਕਰੋ ਜਾਂ ਮਰੋ ਮੁਕਾਬਲੇ ਵਿਚ ਰਾਜਸਥਾਨ ਨੇ ਪੰਜਾਬ ਨੂੰ 4 ਵਿਕਟਾਂ ਨਾਲ ਸ਼ਿਕਸਤ ਦਿੱਤੀ। ਪੰਜਾਬ ਵੱਲੋਂ ਦਿੱਤੇ 188 ਦੌੜਾਂ ਦੀ ਟੀਚੇ ਨੂੰ ਰਾਜਸਥਾਨ ਨੇ 2 ਗੇਂਦਾਂ ਪਹਿਲਾਂ ਹੀ ਹਾਸਲ ਕਰ ਲਿਆ। 

ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਪੰਜਾਬ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਬੋਲਟ ਨੇ ਪੰਜਾਬ ਨੂੰ ਪਹਿਲੇ ਓਵਰ ਵਿਚ ਹੀ ਵੱਡਾ ਝਟਕਾ ਦਿੱਤਾ ਤੇ ਪ੍ਰਭਸਿਮਰਨ ਸਿੰਘ ਨੂੰ 2 ਦੌੜਾਂ ਦੇ ਸਕੋਰ ‘ਤੇ ਪਵੇਲੀਅਨ ਭੇਜਿਆ। ਉਸ ਤੋਂ ਬਾਅਦ ਕਪਤਾਨ ਸ਼ਿਖਰ ਧਵਨ, ਅਥਰਵਾ ਤਾਇੜੇ ਤੇ ਲਿਵਿੰਗਸਟਨ ਵੀ ਕੁੱਝ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕੇ। ਉਨ੍ਹਾਂ ਤੋਂ ਬਾਅਦ ਜਿਤੇਸ਼ ਸ਼ਰਮਾ ਤੇ ਸੈਮ ਕਰਨ ਨੇ ਚੰਗੀ ਬੱਲੇਬਾਜ਼ੀ ਕਰਦਿਆਂ ਸਕੋਰਬੋਰਡ ਅੱਗੇ ਤੋਰਿਆ। ਜਿਤੇਸ਼ ਸ਼ਰਮਾ ਨੇ 28 ਗੇਂਦਾਂ ਵਿਚ 3 ਛੱਕਿਆਂ ਤੇ 3 ਚੌਕਿਆਂ ਸਦਕਾ 44 ਦੌੜਾਂ ਦੀ ਪਾਰੀ ਖੇਡੀ। ਜਿਤੇਸ਼ ਦੇ ਆਊਟ ਹੋਣ ਤੋਂ ਬਾਅਦ ਸੈਮ ਕਰਨ ਤੇ ਸ਼ਾਹਰੁਖ ਖ਼ਾਨ ਨੇ ਵੀ ਤੇਜ਼ੀ ਨਾਲ ਦੌੜਾਂ ਇਕੱਠੀਆਂ ਕੀਤੀਆਂ। ਸੈਮ ਕਰਨ ਨੇ 31 ਗੇਂਦਾਂ ਵਿਚ 49 ਅਤੇ ਸ਼ਾਹਰੁਖ ਖ਼ਾਨ ਨੇ 23 ਗੇਂਦਾਂ ਵਿਚ 41 ਦੌੜਾਂ ਦੀ ਅਜੇਤੂ ਪਾਰੀਆਂ ਖੇਡੀਆਂ। ਇਨ੍ਹਾਂ ਪਾਰੀਆਂ ਸਦਕਾ ਪੰਜਾਬ ਨੇ ਨਿਰਧਾਰਿਤ 20 ਓਵਰਾਂ ਵਿਚ 5 ਵਿਕਟਾਂ ਗੁਆ ਕੇ 187 ਦੌੜਾਂ ਬਣਾਈਆਂ। 

ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਰਾਇਲਜ਼ ਨੂੰ ਕਾਗਿਸੋ ਰਬਾਡਾ ਨੇ ਸ਼ੁਰੂਆਤੀ ਝਟਕਾ ਦਿੱਤਾ ਤੇ ਜੋਸ ਬਟਲਰ ਨੂੰ ਬਿਨਾ ਖਾਤਾ ਖੋਲ੍ਹੇ ਪਵੇਲੀਅਨ ਪਰਤਾ ਦਿੱਤਾ। ਉਨ੍ਹਾਂ ਤੋਂ ਬਾਅਦ ਨੌਜਵਾਨ ਭਾਰਤੀ ਬੱਲੇਬਾਜ਼ਾਂ ਯਸ਼ਸਵੀ ਜੈਸਵਾਲ ਤੇ ਦੇਵਦੱਤ ਪਾਡੀਕਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਅਰਧ ਸੈਂਕੜੇ ਜੜੇ। ਉਨ੍ਹਾਂ ਤੋਂ ਬਾਅਦ ਸ਼ਿਮਰਨ ਹੈੱਟਮਾਇਰ ਨੇ ਵੀ ਧਾਕੜ ਬੱਲੇਬਾਜ਼ੀ ਕੀਤੀ ਤੇ 28 ਗੇਂਦਾਂ ਵਿਚ 3 ਛੱਕਿਆਂ ਤੇ 4 ਚੌਕਿਆਂ ਨਾਲ 46 ਦੌੜਾਂ ਜੜ ਦਿੱਤੀਆਂ। ਇਨ੍ਹਾਂ ਪਾਰੀਆਂ ਸਦਕਾ ਰਾਜਸਥਾਨ ਨੇ 19.4 ਓਵਰਾਂ ਵਿਚ 6 ਵਿਕਟਾਂ ਗੁਆ ਕੇ 189 ਦੌੜਾਂ ਬਣਾਈਆਂ ਤੇ ਮੁਕਾਬਲਾ ਆਪਣੇ ਨਾਂ ਕਰ ਲਿਆ। 

Add a Comment

Your email address will not be published. Required fields are marked *