ਲਸ਼ਕਰ-ਏ-ਤੋਇਬਾ ਦੇ ਟਾਪ ਕਮਾਂਡਰ ਦੀ ਜੇਲ੍ਹ ‘ਚ ਮੌਤ

ਨਵੀਂ ਦਿੱਲੀ – ਲਸ਼ਕਰ-ਏ-ਤੋਇਬਾ (ਐਲਈਟੀ) ਦੇ ਚੋਟੀ ਦੇ ਕਮਾਂਡਰ ਅਬਦੁਲ ਸਲਾਮ ਭੁੱਟਾਵੀ ਦੀ ਸੋਮਵਾਰ ਰਾਤ ਪਾਕਿਸਤਾਨ ਦੀ ਜੇਲ੍ਹ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸਨੇ 2008 ਵਿੱਚ 26/11 ਦੇ ਮੁੰਬਈ ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਨੂੰ ਸਿਖਲਾਈ ਦਿੱਤੀ ਸੀ। ਭੁੱਟਾਵੀ ਨੂੰ ਸੰਯੁਕਤ ਰਾਸ਼ਟਰ ਨੇ 2012 ਵਿੱਚ ਅੱਤਵਾਦੀ ਘੋਸ਼ਿਤ ਕੀਤਾ ਸੀ। ਕਈ ਸਾਲਾਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਗਸਤ 2020 ਵਿੱਚ ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਹਾਫਿਜ਼ ਸਈਦ ਦੇ ਸਾਢੂ ਅਬਦੁਲ ਰਹਿਮਾਨ ਮੱਕੀ ਨੂੰ ਇੱਕ ਅੱਤਵਾਦੀ ਫੰਡਿੰਗ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ 16 ਸਾਲ ਦੀ ਸਜ਼ਾ ਸੁਣਾਈ ਗਈ ਸੀ।

2002 ਅਤੇ 2008 ਵਿੱਚ ਹਾਫ਼ਿਜ਼ ਸਈਦ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਭੁਟਾਵੀ ਨੇ ਲਸ਼ਕਰ-ਏ-ਤੋਇਬਾ ਦੇ ਕਾਰਜਕਾਰੀ ਮੁਖੀ ਵਜੋਂ ਸੰਚਾਲਨ ਸੰਭਾਲਿਆ ਸੀ। ਉਸ ਦੀ ਮੌਤ ਦਾ ਐਲਾਨ ਸੋਮਵਾਰ ਦੇਰ ਰਾਤ ਅੱਤਵਾਦੀ ਸਮੂਹ ਨਾਲ ਜੁੜੇ ਕਈ ਸੰਗਠਨਾਂ ਨੇ ਕੀਤਾ।

ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸ਼ੇਖਪੁਰਾ ਜੇਲ ‘ਚ ਸੋਮਵਾਰ ਦੁਪਹਿਰ ਨੂੰ ਭੁੱਟਾਵੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਲਸ਼ਕਰ ਦੇ ਫਰੰਟ ਸੰਗਠਨਾਂ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਜਿਸ ਵਿੱਚ ਕਥਿਤ ਤੌਰ ‘ਤੇ 78 ਸਾਲਾ ਭੁੱਟਾਵੀ ਦੇ ਅੰਤਿਮ ਸੰਸਕਾਰ ਨੂੰ ਦਿਖਾਇਆ ਗਿਆ, ਜੋ ਮੰਗਲਵਾਰ ਸਵੇਰੇ ਲਾਹੌਰ ਨੇੜੇ ਮੁਰੀਦਕੇ ਵਿੱਚ ਅੱਤਵਾਦੀ ਸਮੂਹ ਦੇ ‘ਮਰਕਜ਼’ ਵਿੱਚ ਆਯੋਜਿਤ ਕੀਤਾ ਗਿਆ ਸੀ। ਭਾਰਤੀ ਖੁਫੀਆ ਅਧਿਕਾਰੀਆਂ ਨੇ ਵੀ ਮੌਤ ਦੀ ਪੁਸ਼ਟੀ ਕੀਤੀ ਹੈ, ਪਰ ਕਿਹਾ ਕਿ ਹੋਰ ਵੇਰਵੇ ਤੁਰੰਤ ਉਪਲਬਧ ਨਹੀਂ ਹਨ।

ਜ਼ਿਕਰਯੋਗ ਹੈ ਕਿ ਮੁੰਬਈ ਵਿਚ ਤਾਜ ਹੋਟਲ ਸਮੇਤ ਕਈ ਥਾਵਾਂ ‘ਤੇ ਹਮਲੇ ਕੀਤੇ ਗਏ ਸਨ। ਜਿਸ ਵਿੱਚ ਅਮਰੀਕਾ ਅਤੇ ਬਰਤਾਨੀਆ ਵਰਗੇ ਕਈ ਦੇਸ਼ਾਂ ਦੇ ਨਾਗਰਿਕਾਂ ਸਮੇਤ ਕੁੱਲ 166 ਲੋਕ ਮਾਰੇ ਗਏ ਸਨ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ ਸਨ। ਜਦੋਂ ਅਮਰੀਕੀ ਖਜ਼ਾਨਾ ਵਿਭਾਗ ਨੇ ਸਤੰਬਰ 2011 ਵਿੱਚ ਭੁੱਟਾਵੀ ਉੱਤੇ ਪਾਬੰਦੀ ਲਗਾਈ ਤਾਂ ਇਸ ਨੇ ਕਿਹਾ ਕਿ ਉਹ 20 ਸਾਲਾਂ ਤੱਕ ਲਸ਼ਕਰ-ਏ-ਤੋਇਬਾ ਦੇ ਮੈਂਬਰਾਂ ਨੂੰ ਫੰਡ ਇਕੱਠਾ ਕਰਨ, ਭਰਤੀ ਕਰਨ ਅਤੇ ਸਿੱਖਿਆ ਦੇਣ ਲਈ ਜ਼ਿੰਮੇਵਾਰ ਸੀ।

Add a Comment

Your email address will not be published. Required fields are marked *