ਪਾਕਿਸਤਾਨ ਸਰਕਾਰ ਨੇ ਇਮਰਾਨ ਨੂੰ ਦੱਸਿਆ ਅੱਤਵਾਦੀ

ਇਸਲਾਮਾਬਾਦ : ਪਾਕਿਸਤਾਨ ਦੇ ਸੱਤਾਧਾਰੀ ਗੱਠਜੋੜ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਗੱਲਬਾਤ ਦੇ ਪ੍ਰਸਤਾਵ ਨੂੰ ਇਹ ਕਹਿੰਦੇ ਹੋਏ ਖਾਰਿਜ ਕਰ ਦਿੱਤਾ ਹੈ ਕਿ ਗੱਲਬਾਤ ਅੱਤਵਾਦੀਆਂ ਨਾਲ ਨਹੀਂ ਸਗੋਂ ਸਿਆਸਤਦਾਨਾਂ ਨਾਲ ਹੁੰਦੀ ਹੈ। ਇਹ ਜਾਣਕਾਰੀ ਐਤਵਾਰ ਨੂੰ ਮੀਡੀਆ ਦੀ ਇਕ ਖ਼ਬਰ ’ਚ ਦਿੱਤੀ ਗਈ ਹੈ। ਅਖ਼ਬਾਰ ‘ਦਿ ਐਕਸਪ੍ਰੈੱਸ’ ਦੀ ਖ਼ਬਰ ਅਨੁਸਾਰ ਸਰਕਾਰ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਮੁਖੀ ਖਾਨ ਹੁਣ ਖ਼ੁਦ ਰਾਸ਼ਟਰੀ ਸੁਲਾਹ ਆਰਡੀਨੈਂਸ (ਐੱਨ.ਆਰ.ਓ.) ਦੀ ਮੰਗ ਕਰ ਰਹੇ ਹਨ। ਖਾਨ ਨੇ ਸਰਕਾਰ ਨਾਲ ਗੱਲਬਾਤ ਕਰਨ ਲਈ ਸੱਤ ਮੈਂਬਰੀ ਇਕ ਟੀਮ ਦਾ ਗਠਨ ਕੀਤਾ ਹੈ। ਇਸ ਤੋਂ ਬਾਅਦ ਇਹ ਘਟਨਾ ਸਾਹਮਣੇ ਆਈ ਹੈ।

9 ਮਈ ਦੇ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਸ਼ੁਰੂ ਕੀਤੀ ਗਈ ਕਾਰਵਾਈ ਨੇ ਪੀ.ਟੀ.ਆਈ. ਦੀ ਹੋਂਦ ਨੂੰ ਖ਼ਤਰਾ ਪੈਦਾ ਕਰ ਦਿੱਤਾ ਹੈ। ਇਸ ਤੋਂ ਬਾਅਦ ਕਈ ਪ੍ਰਮੁੱਖ ਨੇਤਾ ਪੀ.ਟੀ.ਆਈ. ਛੱਡ ਚੁੱਕੇ ਹਨ। ਪਾਰਟੀ ਛੱਡਣ ਵਾਲੇ ਪ੍ਰਮੁੱਖ ਨੇਤਾਵਾਂ ’ਚ ਜਨਰਲ ਸਕੱਤਰ ਅਸਦ ਉਮਰ, ਸੀਨੀਅਰ ਨੇਤਾ ਫਵਾਦ ਚੌਧਰੀ ਅਤੇ ਸਾਬਕਾ ਮੰਤਰੀ ਸ਼ਿਰੀਨ ਮਜ਼ਾਰੀ ਸ਼ਾਮਲ ਹਨ। ਅਰਧ ਸੈਨਿਕ ਰੇਂਜਰਾਂ ਨੇ 9 ਮਈ ਨੂੰ ਇਸਲਾਮਾਬਾਦ ਹਾਈ ਕੋਰਟ ਕੰਪਲੈਕਸ ਤੋਂ ਖਾਨ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਿਆ ਸੀ। ਉਨ੍ਹਾਂ ਦੀ ਪਾਰਟੀ ਦੇ ਵਰਕਰਾਂ ਨੇ ਖਾਨ ਦੀ ਗ੍ਰਿਫ਼ਤਾਰੀ ਦੇ ਵਿਰੋਧ ’ਚ ਲਾਹੌਰ ਕੋਰ ਕਮਾਂਡਰ ਹਾਊਸ, ਮੀਆਂਵਾਲੀ ਏਅਰਬੇਸ ਅਤੇ ਫੈਸਲਾਬਾਦ ਵਿਚ ਆਈ.ਐੱਸ.ਆਈ. ਇਮਾਰਤ ਸਮੇਤ 12 ਫੌਜੀ ਅਦਾਰਿਆਂ ’ਚ ਭੰਨਤੋੜ ਕੀਤੀ। ਭੀੜ ਨੇ ਪਹਿਲੀ ਵਾਰ ਰਾਵਲਪਿੰਡੀ ਵਿਚ ਆਰਮੀ ਹੈੱਡਕੁਆਰਟਰ (ਜੀਐੱਚਕਿਊ) ਉੱਤੇ ਵੀ ਹਮਲਾ ਕੀਤਾ ਸੀ।

ਗੱਲਬਾਤ ਦੀ ਪੇਸ਼ਕਸ਼ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਸੁਪਰੀਮ ਨੇਤਾ ਨਵਾਜ਼ ਸ਼ਰੀਫ ਨੇ ਟਵਿੱਟਰ ‘ਤੇ ਕਿਹਾ ਕਿ ਗੱਲਬਾਤ ਸਿਰਫ ਸਿਆਸਤਦਾਨਾਂ ਨਾਲ ਹੁੰਦੀ ਹੈ। ਉਨ੍ਹਾਂ ਕਿਹਾ, ”ਸ਼ਹੀਦਾਂ ਦੀਆਂ ਯਾਦਗਾਰਾਂ ਨੂੰ ਸਾੜਨ ਵਾਲੇ ਅਤੇ ਦੇਸ਼ ਨੂੰ ਅੱਗ ਲਾਉਣ ਵਾਲੇ ਅੱਤਵਾਦੀਆਂ ਅਤੇ ਭੰਨ ਤੋੜ ਕਰਨ ਵਾਲਿਆਂ ਦੇ ਸਮੂਹ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਵੇਗੀ।” ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਇਕ ਬਿਆਨ ’ਚ ਕਿਹਾ, ”ਦੇਸ਼ ‘ਤੇ ਹਮਲਾ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ; ਉਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਂਦੀ ਹੈ।” ਮਰੀਅਮ ਨੇ ਕਿਹਾ ਕਿ ਸ਼ਹੀਦਾਂ ਦੀ ਯਾਦਗਾਰ ਨੂੰ ਤੋੜਨ ਵਾਲਿਆਂ ਨਾਲ ਗੱਲ ਕਰਨਾ ‘ਸ਼ਹੀਦਾਂ ਦਾ ਅਪਮਾਨ’ ਹੈ।

ਉਨ੍ਹਾਂ ਕਿਹਾ ਕਿ ਐਂਬੂਲੈਂਸਾਂ, ਹਸਪਤਾਲਾਂ ਅਤੇ ਸਕੂਲਾਂ ਨੂੰ ਸਾੜਨ ਅਤੇ ਨੌਜਵਾਨਾਂ ਦੇ ਮਨਾਂ ਵਿਚ ਜ਼ਹਿਰ ਘੋਲ ਕੇ ਖ਼ਾਨ ਗੱਲਬਾਤ ਚਾਹੁੰਦਾ ਹੈ, ਉਸ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ। ਉਨ੍ਹਾਂ ਕਿਹਾ, ”ਇਮਰਾਨ ਨੇ ਗੱਲਬਾਤ ਲਈ ਉਦੋਂ ਬੁਲਾਇਆ ਹੈ, ਜਦੋਂ ਉਨ੍ਹਾਂ ਦੀ ਪਾਰਟੀ ਦੇ ਕਈ ਨੇਤਾ ਉਨ੍ਹਾਂ ਦਾ ਸਾਥ ਛੱਡ ਚੁੱਕੇ ਹਨ।” ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੀ ਨੇਤਾ ਸ਼ਾਜ਼ੀਆ ਮੱਰੀ ਨੇ ਕਿਹਾ ਕਿ 9 ਮਈ ਦੇ ਬਾਅਦ ਪੈਦਾ ਹੋਈ ਸਥਿਤੀ ਲਈ ਜ਼ਿੰਮੇਵਾਰ ਹਨ। ਜਮੀਅਤ ਉਲੇਮਾ-ਏ-ਇਸਲਾਮ (JUI-F) ਦੇ ਬੁਲਾਰੇ ਹਾਫਿਜ਼ ਹਮਦੁੱਲਾ ਨੇ ਵੀ ਖਾਨ ਨੂੰ 9 ਮਈ ਦੇ ਹਮਲਿਆਂ ਦਾ ਮਾਸਟਰਮਾਈਂਡ ਦੱਸਿਆ ਹੈ। ਉਨ੍ਹਾਂ ਕਿਹਾ ਕਿ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਦੇਸ਼ ਵਿਰੁੱਧ ਜੰਗ ਛੇੜਨ ਦੇ ਬਰਾਬਰ ਹੈ।

Add a Comment

Your email address will not be published. Required fields are marked *