ਨੀਰਜ ਚੋਪੜਾ ਨੇ ਪਹਿਲਵਾਨਾਂ ਨੂੰ ਹਿਰਾਸਤ ‘ਚ ਲੈਣ ਦੌਰਾਨ ਪੁਲਸ ਦੀ ਬੇਰਹਿਮੀ ‘ਤੇ ਪ੍ਰਗਟਾਇਆ ਦੁੱਖ

ਨਵੀਂ ਦਿੱਲੀ- ਟੋਕੀਓ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਦਿੱਲੀ ਪੁਲਸ ਵਲੋਂ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਹਿਰਾਸਤ ‘ਚ ਲਏ ਜਾਣ ‘ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਐਤਵਾਰ ਨੂੰ, ਨੀਰਜ ਨੇ ਟਵਿੱਟਰ ‘ਤੇ ਪਹਿਲਵਾਨਾਂ ਨੂੰ ਹਿਰਾਸਤ ਵਿਚ ਲਏ ਜਾਣ ਦੇ ਵੀਡੀਓ ‘ਤੇ ਟਿੱਪਣੀ ਕੀਤੀ, “ਮੈਂ ਇਹ ਦੇਖ ਕੇ ਬਹੁਤ ਦੁਖੀ ਹਾਂ। ਇਸ ਤੋ ਨਜਿੱਠਣ ਲਈ ਇਕ ਬਿਹਤਰ ਤਰੀਕਾ ਹੋਣਾ ਚਾਹੀਦਾ ਹੈ। 

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪੁਲਸ ਬਲ ਵਰਤ ਕੇ ਪਹਿਲਵਾਨਾਂ ਨੂੰ ਹਿਰਾਸਤ ‘ਚ ਲੈ ਰਹੀ ਹੈ। ਪਹਿਲਵਾਨਾਂ ਨੇ ਨਵੇਂ ਸੰਸਦ ਭਵਨ ਤੱਕ ਮਾਰਚ ਕਰਨ ਅਤੇ ‘ਮਹਿਲਾ ਮਹਾਪੰਚਾਇਤ’ ਆਯੋਜਿਤ ਕਰਨ ਦੀ ਯੋਜਨਾ ਬਣਾਈ ਸੀ। ਇਹ ਮਹਾਪੰਚਾਇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਸਦ ਭਵਨ ਦੇ ਉਦਘਾਟਨ ਨਾਲ ਹੋਣੀ ਸੀ।

ਪਹਿਲਵਾਨਾਂ ਨੂੰ ਪਹਿਲਾਂ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਵਾਲੀ ਥਾਂ ਛੱਡਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਇਸ ਤਰ੍ਹਾਂ ਉਹ ਸੁਰੱਖਿਆ ਬੈਰੀਕੇਡਾਂ ਤੋਂ ਅੱਗੇ ਨਹੀਂ ਜਾ ਸਕੇ। ਪਹਿਲਵਾਨ ਜੰਤਰ-ਮੰਤਰ ਰੋਡ ਤੋਂ ਅੱਗੇ ਨਹੀਂ ਜਾ ਸਕੇ ਅਤੇ ਬਜਰੰਗ ਪੁਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਸਮੇਤ ਹੋਰ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਸਾਕਸ਼ੀ ਦੇ ਅਕਾਊਂਟ ਤੋਂ ਉਸ ਦੀ ਟੀਮ ਵੱਲੋਂ ਕੀਤੇ ਗਏ ਟਵੀਟ ਦੇ ਅਨੁਸਾਰ, ਪੁਲਸ ਨੇ ਪ੍ਰਦਰਸ਼ਨ ਵਾਲੀ ਥਾਂ ਤੋਂ ਪਹਿਲਵਾਨਾਂ ਦੇ ਟੈਂਟ ਵੀ ਹਟਾਉਣੇ ਸ਼ੁਰੂ ਕਰ ਦਿੱਤੇ ਸਨ।

ਜ਼ਿਕਰਯੋਗ ਹੈ ਕਿ ਦੇਸ਼ ਦੇ ਕਈ ਨਾਮੀ ਪਹਿਲਵਾਨ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਉੱਤਰ ਪ੍ਰਦੇਸ਼ ਦੀ ਕੈਸਰਗੰਜ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ‘ਤੇ ਇਕ ਨਾਬਾਲਗ ਸਮੇਤ ਸੱਤ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲੱਗਾ ਹੈ।

Add a Comment

Your email address will not be published. Required fields are marked *