RMPL ਨੇ ਪੰਜਾਬ ਕਿੰਗਜ਼ ਇਲੈਵਨ ਵਿਰੁੱਧ ਮੋਹਾਲੀ ’ਚ ਕਾਪੀਰਾਈਟ ਦੀ ਉਲੰਘਣਾ ਲਈ ਕਰਵਾਈ ਸ਼ਿਕਾਇਤ ਦਰਜ

ਸਾਊਂਡ ਰਿਕਾਰਡਿੰਗਾਂ ਦੇ ਪ੍ਰਬੰਧਨ ਲਈ ਭਾਰਤ ਸਰਕਾਰ ਦੁਆਰਾ ਰਜਿਸਟਰਡ ਇਕਲੌਤੀ ਕਾਪੀਰਾਈਟ ਸੁਸਾਇਟੀ, ਰਿਕਾਰਡਿਡ ਮਿਊਜ਼ਿਕ ਪਰਫਾਰਮੈਂਸ ਲਿਮਟਿਡ (ਆਰ. ਐੱਮ. ਪੀ. ਐੱਲ.) ਨੇ ਪੰਜਾਬ ਕਿੰਗਜ਼ (ਪੀ. ਬੀ. ਕੇ. ਐੱਸ.) ਖਿਲਾਫ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਆਈ. ਪੀ. ਸੀ. ਅਤੇ ਕਾਪੀਰਾਈਟ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸ਼ਿਕਾਇਤ ਸੀਨੀਅਰ ਕਪਤਾਨ ਪੁਲਸ, ਐੱਸ. ਏ. ਐੱਸ. ਨਗਰ (ਮੋਹਾਲੀ) ਦੇ ਦਫ਼ਤਰ ਵਿਚ ਦਰਜ ਕਰਵਾਈ ਗਈ ਹੈ।

ਪੰਜਾਬ ਕਿੰਗਜ਼ ਇਲੈਵਨ ਦੇ ਮਾਲਕ ਕੇ. ਪੀ. ਐੱਚ. ਡ੍ਰੀਮ ਕ੍ਰਿਕਟ ਪ੍ਰਾਈਵੇਟ ਲਿਮਟਿਡ ’ਤੇ ਕਾਪੀਰਾਈਟ ਐਕਟ, 1957 ਦੀ ਧਾਰਾ 51, 63 ਅਤੇ 69 ਦੇ ਤਹਿਤ ਕਾਪੀਰਾਈਟ ਉਲੰਘਣਾ ਅਤੇ ਅਪਰਾਧ ਕਰਨ ਦਾ ਦੋਸ਼ ਲਾਇਆ ਗਿਆ ਹੈ। ਉਸ ’ਤੇ ਭਾਰਤੀ ਦੰਡ ਕਾਨੂੰਨ ਦੀਆਂ ਧਾਰਾਵਾਂ 408 ਅਤੇ 420 ਦੇ ਤਹਿਤ ਦੋਸ਼ੀ ਹੋਣ ਦਾ ਦੋਸ਼ ਵੀ ਲਾਇਆ ਗਿਆ ਹੈ। ਸੀਨੀਅਰ ਪੁਲਸ ਕਪਤਾਨ ਐੱਸ. ਏ. ਐੱਸ. ਨਗਰ ਨੂੰ ਸੌਂਪੀ ਗਈ ਆਪਣੀ ਸ਼ਿਕਾਇਤ ਵਿਚ ਆਰ. ਐੱਮ. ਪੀ. ਐੱਲ. ਨੇ ਕਾਪੀਰਾਈਟ ਐਕਟ, 1957 ਦੀ ਧਾਰਾ 51, 63, 64, 69 ਦੇ ਤਹਿਤ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਹੈ।

ਸ਼ਿਕਾਇਤ ਵਿਚ ਮੋਹਿਤ ਬਰਮਨ, ਨੇਸ ਵਾਡੀਆ, ਪ੍ਰੀਤੀ ਜ਼ਿੰਟਾ, ਕਰਨ ਪਾਲ, ਕੇ. ਪੀ. ਐੱਚ. ਡ੍ਰੀਮ ਕ੍ਰਿਕਟ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਯੂਨਿਟ ਸੀ-115, ਪਹਿਲੀ ਮੰਜ਼ਿਲ, ਆਫਿਸ ਕੰਪਲੈਕਸ, ਪਲਾਟ ਨੰਬਰ 178-178ਏ, ਇੰਡਸਟਰੀਅਲ ਐਂਡ ਬਿਜ਼ਨੈੱਸ ਪਾਰਕ, ​​ਫੇਜ਼ 1, ਚੰਡੀਗੜ੍ਹ ਸ਼ਾਮਲ ਹਨ।

ਸ਼ਿਕਇਤ ’ਚ ਸਤੀਸ਼ ਮੈਨਨ ਸੀ. ਈ. ਓ., ਕੇ. ਪੀ. ਐੱਚ. ਡ੍ਰੀਮ ਕ੍ਰਿਕਟ ਪ੍ਰਾਈਵੇਟ ਲਿਮਟਿਡ, ਅਨੰਤ ਸਰਕਾਰੀਆ, ਆਪ੍ਰੇਸ਼ਨਲ ਹੈੱਡ ਕੇ. ਪੀ. ਐੱਚ. ਡ੍ਰੀਮ ਕ੍ਰਿਕਟ ਪ੍ਰਾਈਵੇਟ ਲਿਮਟਿਡ ਅਤੇ ਅਮਰਜੀਤ ਸਿੰਘ ਮਹਿਤਾ, ਪ੍ਰਧਾਨ, ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਨਾਮਜ਼ਦ ਕੀਤਾ ਗਿਆ ਹੈ।

ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਸ਼੍ਰੀ ਖੇਮਸਾਈ ਸ਼ਰਮਾ, ਡਿਪਟੀ ਮੈਨੇਜਰ, ਲਾਇਸੈਂਸਿੰਗ ਆਰ. ਐੱਮ. ਪੀ. ਐੱਲ ਨੇ ਕਾਪੀਰਾਈਟ ਸਾਊਂਡ ਰਿਕਾਰਡਿੰਗਾਂ ਦੇ ਜਨਤਕ ਪ੍ਰਦਰਸ਼ਨ ਦੇ ਲਾਇਸੈਂਸ ਲਈ ਲਾਜ਼ਮੀ ਲਾਇਸੈਂਸ ਲੈਣ ਲਈ ਕਈ ਵਾਰ ਮੁਲਜ਼ਮਾਂ ਕੋਲ ਪਹੁੰਚ ਕੀਤੀ, ਜਿਸ ਦੇ ਪ੍ਰਦਰਸ਼ਨ ਦੇ ਅਧਿਕਾਰ ਸ਼ਿਕਾਇਤਕਰਤਾ ਕੋਲ ਹਨ ਪਰ ਇਸਦਾ ਕੋਈ ਵੀ ਨਤੀਜਾ ਨਹੀਂ ਨਿਕਲਿਆ।

ਆਰ. ਐੱਮ. ਪੀ. ਐੱਲ. ਨੇ ਦਾਅਵਾ ਕੀਤਾ ਹੈ ਕਿ 13 ਅਪ੍ਰੈਲ, 2023 ਨੂੰ ਆਈ. ਐੱਸ. ਬਿੰਦਰਾ ਸਟੇਡੀਅਮ ਮੋਹਾਲੀ ਵਿਖੇ ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਕਾਰ ਸ਼ਾਮ 7.30 ਵਜੇ ਤੋਂ ਰਾਤ 11.00 ਵਜੇ ਦੇ ਵਿਚਕਾਰ ਹੋਏ ਮੈਚ ਦੌਰਾਨ, ਦੋਸ਼ੀ ਨੇ ਲੋਕਧੁਨ ਟੈਲੀਮੀਡੀਆ ਲਿਮਟਿਡ ਦੇ ‘ਜ਼ਿੰਦਾਬਾਦ ਰਹਿਣ ਬਿੱਲੋ ਯਾਰੀਆਂ’ ਨੂੰ ਵਜਾ ਕੇ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਕੀਤੀ।

ਆਰ. ਐੱਮ. ਪੀ. ਐੱਲ. ਦੇ ਸੀ. ਈ. ਓ. ਸੌਮਿਆ ਚੌਧਰੀ ਨੇ ਕਿਹਾ ਕਿ ਆਰ. ਐੱਮ. ਪੀ. ਐੱਲ. ਭਾਰਤ ਵਿਚ ਇਕ ਪਲੇਟਫਾਰਮ ਬਣਾਉਣ ਦੇ ਰਾਹ ’ਤੇ ਹੈ ਜਿੱਥੇ ਆਰ. ਐੱਮ. ਪੀ. ਐੱਲ. ਨਾਲ ਰਜਿਸਟਰਡ ਸਾਰੇ ਸੰਗੀਤ ਲੇਬਲਾਂ ਨੂੰ ਉਨ੍ਹਾਂ ਦਾ ਬਣਦਾ ਬਕਾਇਆ ਮਿਲੇਗਾ। ਉਸਨੇ ਅੱਗੇ ਕਿਹਾ ਕਿ ਅਸੀਂ ਇਹ ਯਕੀਨੀ ਕਰਦੇ ਹਾਂ ਕਿ ਸਾਡੇ ਮੈਂਬਰਾਂ ਨਾਲ ਸਬੰਧਤ ਸੰਗੀਤ ਦੇ ਉਪਭੋਗਤਾਵਾਂ ਨੂੰ ਪਹਿਲਾਂ ਹੀ ਕਾਪੀਰਾਈਟ ਐਕਟ ਬਾਰੇ ਸਹੀ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ ਪਰ ਜੇਕਰ ਉਹ ਅਜੇ ਵੀ ਅਣਡਿੱਠ ਕਰਨ ਅਤੇ ਜਾਣ-ਬੁੱਝ ਕੇ ਗਿਣਨਯੋਗ ਅਪਰਾਧ ਕਰਨ ਦੀ ਚੋਣ ਕਰਦੇ ਹਨ, ਤਾਂ ਅਸੀਂ ਜ਼ਰੂਰੀ ਕਦਮ ਚੁੱਕਣ ਲਈ ਮਜ਼ਬੂਰ ਹੋਵਾਂਗੇ।

Add a Comment

Your email address will not be published. Required fields are marked *