ਆਈਫਾ ਐਵਾਰਡਸ ’ਚ ‘ਬ੍ਰਹਮਾਸਤਰ’ ਦੀ ਧੂਮ, ਦੇਖੋ ਜੇਤੂਆਂ ਦੀ ਪੂਰੀ ਲਿਸਟ

ਮੁੰਬਈ– ਆਈਫਾ ਐਵਾਰਡਸ ਭਾਰਤੀ ਸਿਨੇਮਾ ਲਈ ਬਹੁਤ ਮਹੱਤਵਪੂਰਨ ਹਨ, ਜਿਸ ’ਚ ਬਾਲੀਵੁੱਡ ਸਿਤਾਰੇ ਸ਼ਾਮਲ ਹੋਣ ਲਈ ਸਾਲਾਂ ਤੱਕ ਇੰਤਜ਼ਾਰ ਕਰਦੇ ਹਨ। ਇਸ ਦੇ ਨਾਲ ਹੀ ਸਲਮਾਨ ਖ਼ਾਨ ਤੋਂ ਲੈ ਕੇ ਰਿਤਿਕ ਰੌਸ਼ਨ ਤੱਕ ਵਿਦੇਸ਼ੀ ਧਰਤੀ ’ਤੇ ਆਯੋਜਿਤ ਇਸ ਐਵਾਰਡ ਸ਼ੋਅ ਦਾ ਹਿੱਸਾ ਬਣਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਇਸ ਸ਼ੋਅ ’ਚ ਐਵਾਰਡ ਹਾਸਲ ਕਰਨ ਵਾਲੇ ਲੋਕਾਂ ਦੀ ਗੱਲ ਵੱਖਰੀ ਹੈ। ਇਸ ਦੌਰਾਨ ਆਈਫਾ ਐਵਾਰਡਜ਼ 2023 ਦੇ ਜੇਤੂਆਂ ਦੀ ਪੂਰੀ ਸੂਚੀ ਸਾਹਮਣੇ ਆਈ ਹੈ, ਜਿਸ ’ਚ ਆਲੀਆ ਭੱਟ ਤੇ ਰਣਬੀਰ ਕਪੂਰ ਦੀ ‘ਬ੍ਰਹਮਾਸਤਰ’ ਵੀ ਨਜ਼ਰ ਆ ਰਹੀ ਹੈ।

ਸਰਵੋਤਮ ਅਦਾਕਾਰਾ ਤੇ ਸਰਵੋਤਮ ਅਦਾਕਾਰ ਦਾ ਨਾਮ ਐਵਾਰਡ ਸੂਚੀ ’ਚ ਸਭ ਤੋਂ ਪਹਿਲਾਂ ਆਉਂਦਾ ਹੈ, ਜਿਸ ਨੂੰ ਆਲੀਆ ਭੱਟ ਤੇ ਰਿਤਿਕ ਰੌਸ਼ਨ ਨੇ ਆਪਣੇ ਨਾਂ ਕੀਤਾ। ਦਰਅਸਲ, ਆਲੀਆ ਭੱਟ ਨੇ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ’ਚ ਆਪਣੀ ਅਦਾਕਾਰੀ ਲਈ ਸਰਵੋਤਮ ਅਦਾਕਾਰਾ ਦਾ ਖਿਤਾਬ ਜਿੱਤਿਆ ਹੈ, ਜਦਕਿ ਰਿਤਿਕ ਰੌਸ਼ਨ ਨੇ ‘ਵਿਕਰਮ ਵੇਧਾ’ ’ਚ ਆਪਣੀ ਅਦਾਕਾਰੀ ਲਈ ਸਰਵੋਤਮ ਅਦਾਕਾਰ ਦਾ ਖਿਤਾਬ ਜਿੱਤਿਆ ਹੈ।

ਇਸ ਤੋਂ ਇਲਾਵਾ ਭੂਸ਼ਣ ਕੁਮਾਰ, ਕੁਮਾਰ ਮੰਗਤ ਪਾਠਕ ਨੂੰ ਬੈਸਟ ਪਿਕਚਰ ਕੈਟਾਗਰੀ ’ਚ ‘ਦ੍ਰਿਸ਼ਯਮ 2’ ਲਈ ਐਵਾਰਡ ਮਿਲਿਆ ਹੈ। ਆਰ. ਮਾਧਵਨ ਨੂੰ ‘ਰਾਕੇਟਰੀ : ਦਿ ਨਾਂਬੀ ਇਫੈਕਟ’ ਲਈ ਸਰਵੋਤਮ ਨਿਰਦੇਸ਼ਨ ਦਾ ਪੁਰਸਕਾਰ ਮਿਲਿਆ ਹੈ। ਅਮਿਤਾਭ ਭੱਟਾਚਾਰੀਆ ਨੂੰ ‘ਬ੍ਰਹਮਾਸਤਰ’ ਦੇ ‘ਕੇਸਰੀਆ’ ਲਈ ਸਰਵੋਤਮ ਗੀਤ ਦਾ ਪੁਰਸਕਾਰ ਮਿਲਿਆ ਹੈ।

ਸ਼੍ਰੇਆ ਘੋਸ਼ਾਲ ਨੂੰ ‘ਬ੍ਰਹਮਾਸਤਰ’ ਦੇ ਗੀਤ ‘ਰਸੀਆ’ ਲਈ ਸਰਵੋਤਮ ਮਹਿਲਾ ਗਾਇਕਾ, ‘ਬ੍ਰਹਮਾਸਤਰ’ ਲਈ ਪ੍ਰੀਤਮ ਨੂੰ ਸਰਵੋਤਮ ਸੰਗੀਤ, ‘ਜੁਗਜੁਗ ਜੀਓ’ ਲਈ ਅਨਿਲ ਕਪੂਰ ਨੂੰ ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਮਿਲਿਆ ਹੈ, ਜਦਕਿ ਮੌਨੀ ਰਾਏ ਨੂੰ ‘ਬ੍ਰਹਮਾਸਤਰ’ ਲਈ ਸਰਵੋਤਮ ਸਹਾਇਕ ਅਦਾਕਾਰਾ ਦਾ ਪੁਰਸਕਾਰ ਮਿਲਿਆ ਹੈ।

ਰਿਤੇਸ਼ ਦੇਸ਼ਮੁਖ ਤੇ ਜੇਨੇਲੀਆ ਡਿਸੂਜ਼ਾ ਨੂੰ ਖੇਤਰੀ ਸਿਨੇਮਾ ’ਚ ਸ਼ਾਨਦਾਰ ਪ੍ਰਾਪਤੀ ਲਈ ਚੁਣਿਆ ਗਿਆ ਹੈ। ‘ਗੰਗੂਬਾਈ ਕਾਠੀਆਵਾੜੀ’ ਲਈ ਸ਼ਾਂਤਨੂ ਮਹੇਸ਼ਵਰੀ ਤੇ ‘ਕਲਾ’ ਲਈ ਬਾਬਿਲ ਖ਼ਾਨ ਨੂੰ ਸਰਵੋਤਮ ਡੈਬਿਊ ਪੁਰਸ਼ ਪੁਰਸਕਾਰ ਮਿਲਿਆ।

Add a Comment

Your email address will not be published. Required fields are marked *