ਕਿਸਾਨੀ ਸੰਘਰਸ਼ ਦੌਰਾਨ ਰਹਿੰਦੀਆਂ ਮੰਗਾਂ ਕੇਂਦਰ ਨੇ ਨਾਂ ਮੰਨੀਆਂ ਤਾਂ ਹੋ ਸਕਦੈ ਵੱਡਾ ਸੰਘਰਸ਼

ਫਰੀਦਕੋਟ-ਪੰਜਾਬ ਵਿਚ ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨੀ ਸੰਘਰਸ਼ ਦੌਰਾਨ ਕੁਝ ਮੰਗਾਂ ਦੇ ਕੀਤੇ ਵਾਅਦੇ ਜੋ ਪੂਰੇ ਨਹੀਂ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਨ ਲਈ ਅਤੇ ਚੇਤਾਵਨੀ ਪੱਤਰ ਵਜੋਂ ਪੰਜਾਬ ਦੇ ਸਾਰੇ ਐੱਮ. ਪੀਜ਼ ਅਤੇ ਰਾਜ ਸਭਾ ਮੈਂਬਰਾਂ ਨੂੰ ਮੰਗ ਪੱਤਰ ਅੱਜ ਦਿੱਤੇ । ਜਿਸ ਦੇ ਤਹਿਤ ਸੰਯੁਕਤ ਕਿਸਾਨ ਮੋਰਚਾ ਫਰੀਦਕੋਟ ਵਿਚ ਸ਼ਾਮਿਲ ਸਾਰੀਆਂ ਜਥੇਬੰਦੀਆਂ ਨੇ ਦਰਬਾਰ ਗੰਜ ਫਰੀਦਕੋਟ ਵਿਖੇ ਇਕੱਠ ਕਰਕੇ ਐੱਮ.ਪੀ. ਹਲਕਾ ਫਰੀਦਕੋਟ ਮੁਹੰਮਦ ਸਦੀਕ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਨੇ ਇਹ ਮੰਗ ਪੱਤਰ ਦਰਬਾਰ ਗੰਜ ਵਿਖੇ ਜਥੇਬੰਦੀਆਂ ਦੇ ਇਕੱਠ ਵਿਚ ਆ ਕੇ ਲਿਆ।

ਆਗੂਆਂ ਨੇ ਮੰਗ ਪੱਤਰ ਰਾਹੀ ਮੰਗਾਂ ਦੱਸਦਿਆਂ ਕਿਹਾ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਧਾਰ ’ਤੇ C2 + 50 % ਫਾਰਮੂਲੇ ਅਨੁਸਾਰ ਸਾਰੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਅਤੇ ਖ੍ਰੀਦ ਦੀ ਗਾਰੰਟੀ ਵਾਲਾ ਕਾਨੂੰਨ ਬਣਾਇਆ ਜਾਵੇ । ਫਸਲਾਂ ਦੇ ਲਾਹੇਵੰਦ ਭਾਅ ਨਾ ਮਿਲਣ ਕਰਕੇ 80 ਫੀਸਦੀ ਤੋਂ ਵੱਧ ਕਿਸਾਨ ਵੱਡੇ ਕਰਜ਼ਿਆਂ ਵਿਚ ਫਸੇ ਹੋਏ ਹਨ, ਜੋ ਸਰਕਾਰ ਦੀਆਂ ਗਲਤੀਆਂ ਕਰਕੇ ਹੈ, ਉਹ ਸਾਰੇ ਕਰਜ਼ੇ ਖ਼ਤਮ ਕੀਤੇ ਜਾਣ । ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੋਨੀਆਂ ਵਿਖੇ 3 ਅਕਤੂਬਰ 2021 ਨੂੰ 4 ਕਿਸਾਨਾਂ ਅਤੇ ਇਕ ਪੱਤਰਕਾਰ ਦੇ ਕਤਲ ਦੇ ਮੁੱਖ ਸਾਜ਼ਿਸ਼ਕਰਤਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਮੰਤਰੀ ਮੰਡਲ ’ਚੋਂ ਬਰਖਾਸਤ ਕਰਕੇ ਜੇਲ੍ਹ ਭੇਜਿਆ ਜਾਵੇ ਅਤੇ ਉਥੇ ਨਿਰਦੋਸ਼ ਕਿਸਾਨਾਂ ਖਿਲਾਫ਼ ਦਰਜ ਕੀਤੇ ਕੇਸ ਵਾਪਸ ਲਏ ਜਾਣ ਅਤੇ ਸ਼ਹੀਦ ਹੋਏ ਅਤੇ ਜ਼ਖ਼ਮੀ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਅਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ।

ਬਿਜਲੀ ਸੋਧ ਬਿੱਲ 2022 ਨੂੰ ਤੁਰੰਤ ਵਾਪਸ ਲਿਆ ਜਾਵੇ । ਸਰਕਾਰ ਸੋਕੇ/ਹੜ੍ਹ/ ਜ਼ਿਆਦਾ ਮੀਂਹ ਅਤੇ ਹੋਰ ਕੁਦਰਤੀ ਆਫਤਾਂ ਨਾਲ ਫਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਵਿਆਪਕ ਅਤੇ ਪ੍ਰਭਾਵੀ ਫਸਲ ਬੀਮਾ ਯੋਜਨਾ ਸ਼ੁਰੂ ਕਰੇ । ਸਰਕਾਰ ਕਿਸਾਨ ਅਤੇ ਮਜ਼ਦੂਰਾਂ ਦੀ ਘੱਟੋ-ਘੱਟ 10,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਸਕੀਮ ਲਾਗੂ ਕਰੇ । ਕਿਸਾਨ ਅੰਦੋਲਨ ਦੌਰਾਨ ਸੂਬਿਆਂ ਵਿਚ ਹੋਏ ਪਰਚੇ ਰੱਦ ਕੀਤੇ ਜਾਣ ਅਤੇ ਅੰਦੋਲਨ ਦੌਰਾਨ 700 ਤੋਂ ਵੱਧ ਸ਼ਹੀਦ ਹੋਏ ਕਿਸਾਨ ਮਰਦ ਅਤੇ ਔਰਤਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ, ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ । ਦਿੱਲੀ ਵਿਖੇ ਸ਼ਹੀਦ ਹੋਏ ਕਿਸਾਨਾਂ ਦੀ ਯਾਦਗਾਰ ਬਣਾਉਣ ਲਈ ਕੇਂਦਰ ਸਰਕਾਰ ਜ਼ਮੀਨ ਅਲਾਟ ਕਰੇ । ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਕਿਸਾਨ ਜਥੇਬੰਦੀਆਂ ਦਿੱਲੀ ਵਿਖੇ ਪਹਿਲਵਾਨ ਲੜਕੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੀ ਜ਼ੋਰਦਾਰ ਹਮਾਇਤ ਕਰਦੀਆਂ ਹਨ ਅਤੇ ਉਨ੍ਹਾਂ ਦੀ ਹੋ ਰਹੀ ਗ੍ਰਿਫ਼ਤਾਰੀ ਦੀ ਜ਼ੋਰਦਾਰ ਨਿੰਦਾ ਕਰਦੀਆਂ ਹਨ ।

ਆਗੂਆਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋ ਸਕਦਾ ਹੈ। ਇਸ ਮੌਕੇ ਬਿੰਦਰ ਸਿੰਘ ਗੋਲੇਵਾਲਾ ਪੰਜਾਬ ਪ੍ਰਧਾਨ ਕੌਮੀ ਕਿਸਾਨ ਯੂਨੀਆਨ, ਸ਼ਮਸ਼ੇਰ ਸਿੰਘ ਕਿੰਗਰਾ ਬੀ. ਕੇ. ਯੂ . ਲੱਖੋਵਾਲ, ਬਖਤੌਰ ਸਿੰਘ ਢਿੱਲੋਂ ਸਾਦਿਕ, ਬੀ. ਕੇ. ਯੂ .ਏਕਤਾ ਮਾਲਵਾ , ਜਸਕਰਨ ਸਿੰਘ ਬੀ .ਕੇ .ਯੂ. ਡਕੌਦਾਂ ( ਧਨੇਰ ) , ਭੁਪਿੰਦਰ ਸਿੰਘ ਚਹਿਲ ਕ੍ਰਾਂਤੀਕਾਰੀ ਯੂਨੀਅਨ ਪੰਜਾਬ , ਕਾਮਰੇਡ ਦਲੀਪ ਸਿੰਘ ਬੀ. ਕੇ .ਯੂ. ਬਹਿਰ , ਕੁਲਵਿੰਦਰ ਸਿੰਘ ਕਿਰਤੀ ਕਿਸਾਨ ਯੂਨੀਅਨ, ਹਰਪਾਲ ਮਚਾਕੀ ਕੁਲਹਿੰਦ ਕਿਸਾਨ ਸਭਾ , ਰੇਸ਼ਮ ਸਿੰਘ ਬੀ.ਕੇ.ਯੂ. ਬਹਿਰੂ , ਨਛੱਤਰ ਸਿੰਘ ਹਮੀਰਗੜ੍ਹ ( ਰਾਮਪੁਰਾ ਫੂਲ ) ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਇਲਾਵਾ ਸਾਰੀਆਂ ਜਥੇਬੰਦੀਆਂ ਦੇ ਵੱਡੀ ਗਿਣਤੀ ਵਿਚ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ ।

Add a Comment

Your email address will not be published. Required fields are marked *