ਕਰਨਾਟਕ ‘ਚ ਅੱਜ ਹੋਵੇਗਾ ਮੰਤਰੀਮੰਡਲ ਦਾ ਵਿਸਥਾਰ, 24 ਵਿਧਾਇਕ ਲੈਣਗੇ ਹਲਫ਼

ਬੈਂਗਲੁਰੂ : ਕਰਨਾਟਕ ਵਿਚ ਸਰਕਾਰ ਬਣਾਉਣ ਤੋਂ ਇਕ ਹਫ਼ਤੇ ਬਾਅਦ ਕਾਂਗਰਸ ਨੇ ਸ਼ੁੱਕਰਵਾਰ ਨੂੰ ਉਨ੍ਹਾਂ 24 ਵਿਧਾਇਕਾਂ ਦੀ ਸੂਚੀ ਜਾਰੀ ਕੀਤੀ, ਜਿਨ੍ਹਾਂ ਨੂੰ ਸ਼ਨੀਵਾਰ ਨੂੰ ਮੰਤਰੀ ਵਜੋਂ ਸਹੁੰ ਚੁਕਵਾਈ ਜਾਵੇਗੀ। ਕਾਂਗਰਸੀ ਆਗੂਆਂ ਮੁਤਾਬਕ, ਕਰਨਾਟਕ ਵਿਚ ਸ਼ਨੀਵਾਰ ਦੁਪਹਿਰ ਮੰਤਰੀਮੰਡਲ ਵਿਸਥਾਰ ਹੋਵੇਗਾ ਤੇ ਮੰਤਰੀਆਂ ਨੂੰ ਸਹੁੰ ਚੁਕਵਈ ਜਾਵੇਗੀ। ਕਰਨਾਟਕ ਸਰਕਾਰ ਵਿਚ 34 ਮੰਤਰੀ ਹੋ ਸਕਦੇ ਹਨ। ਮੁੱਖ ਮੰਤਰੀ ਸਿੱਧਰਮਈਆ ਅਤੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਸਮੇਤ 10 ਮੰਤਰੀਆਂ ਨੂੰ 20 ਮਈ ਨੂੰ ਸਹੁੰ ਚੁਕਵਾਈ ਗਈ ਸੀ, ਜਦਕਿ 24 ਹੋਰ ਵਿਧਾਇਕਾਂ ਨੂੰ ਸ਼ਨੀਵਾਰ ਨੂੰ ਮੰਤਰੀਮੰਡਲ ਵਿਚ ਸ਼ਾਮਲ ਕੀਤਾ ਜਾਵੇਗਾ। 

ਕਾਂਗਰਸ ਸੂਤਰਾਂ ਮੁਤਾਬਕ, ਲਕਸ਼ਮੀ ਹੇੱਬਲਕਰ, ਮਧੂ ਬੰਗਾਰੱਪਾ, ਡੀ. ਸੁਧਾਕਰ, ਚੇਲਵਰਾਇਸਵਾਮੀ, ਮੰਕੁਲ ਵੈਧ ਅਤੇ ਐੱਮ.ਸੀ. ਸੁਧਾਕਰ ਨੂੰ ਸ਼ਿਵਕੁਮਾਰ ਦਾ ਕਰੀਬੀ ਮੰਨਿਆ ਜਾਂਦਾ ਹੈ। ਸਿੱਧਰਮਈਆ ਤੇ ਸ਼ਿਵਕੁਮਾਰ ਪਿਛਲੇ ਤਿੰਨ ਦਿਨਾਂ ਤੋਂ ਕੌਮੀ ਰਾਜਧਾਨੀ ਵਿਚ ਸਨ ਤੇ ਉਨ੍ਹਾਂ ਨੇ ਮੰਤਰੀਮੰਡਲ ਵਿਸਥਾਰ ‘ਤੇ ਪਾਰਟੀ ਦੀ ਅਗਵਾਈ ਨੂੰ ਲੈ ਕੇ ਕਈ ਦੌਰ ਦੀ ਚਰਚਾ ਕੀਤੀ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੁਗੋਪਾਲ ਤੇ ਰਣਦੀਪ ਸੁਰਜੇਵਾਲਾ ਸਮੇਤ ਕੇਂਦਰੀ ਆਗੂਆਂ ਨਾਲ ਸਿੱਧਰਮਈਆ ਤੇ ਸ਼ਿਵਕੁਮਾਰ ਦੀ ਕਈ ਘੰਟਿਆਂ ਦੀ ਗੱਲਬਾਤ ਤੋਂ ਬਾਅਦ ਮੰਤਰੀਆਂ ਦੇ ਨਾਂ ਨਿਰਧਾਰਿਤ ਕੀਤੇ ਗਏ। ਕਾਂਗਰਸ ਪ੍ਰਧਾਨ ਮੱਲੀਕਾਰਜੁਨ ਖੜਗੇ ਤੇ ਪਾਰਟੀ ਦੇ ਸਾਬਕਾ ਮੁਖੀ ਰਾਹੁਲ ਗਾਂਧੀ ਨੇ ਮੰਤਰੀਆਂ ਦੀ ਸੂਚੀ ‘ਤੇ ਮੋਹਰ ਲਗਾਈ। 

ਇਸ ਵਿਚਾਲੇ, ਕਾਂਗਰਸ ਦੇ ਕਈ ਆਗੂ ਨਵੇਂ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਵਿਚ ਹਿੱਸਾ ਲੈਣ ਲਈ ਦਿੱਲੀ ਤੋਂ ਬੈਂਗਲੁਰੂ ਰਵਾਨਾ ਹੋ ਗਏ ਹਨ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਤੇ ਉਨ੍ਹਾਂ ਦੇ ਝਾਰਖੰਡ ਦੇ ਹਮਰੁਤਬਾ ਹੇਮੰਤ ਸੋਰੇਨ ਵੀ ਸ਼ਨੀਵਾਰ ਨੂੰ ਪ੍ਰੋਗਰਾਮ ਵਿਚ ਸ਼ਿਰਕਤ ਕਰਨਗੇ। ਕਰਨਾਟਕ ਵਿਚ ਮੰਤਰੀਆਂ ਨੂੰ ਹੁਣ ਤਕ ਵਿਭਾਗਾਂ ਦੀ ਵੰਡ ਨਹੀਂ ਕੀਤੀ ਗਈ। ਹਾਲਾਂਕਿ ਮੰਤਰੀ ਕੇ. ਐੱਚ. ਮੁਨੀਅੱਪਾ ਨੇ ਕਿਹਾ ਕਿ ਮੰਤਰੀਆਂ ਦੇ ਵਿਭਾਗਾਂ ਦਾ ਐਲਾਨ ਸ਼ਨੀਵਾਰ ਸ਼ਾਮ ਤਕ ਕੀਤਾ ਜਾ ਸਕਦਾ ਹੈ। 

Add a Comment

Your email address will not be published. Required fields are marked *