ਬ੍ਰਿਟੇਨ : PM ਰਿਸ਼ੀ ਸੁਨਕ ਦੀ ਰਿਹਾਇਸ਼ ਡਾਊਨਿੰਗ ਸਟ੍ਰੀਟ ਦੇ ਗੇਟ ਨਾਲ ਟਕਰਾਈ ਕਾਰ

ਲੰਡਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਦਫ਼ਤਰ ਅਤੇ ਰਿਹਾਇਸ਼ ’10 ਡਾਊਨਿੰਗ ਸਟ੍ਰੀਟ’ ਦੇ ਗੇਟ ਨਾਲ ਵੀਰਵਾਰ ਨੂੰ ਇਕ ਕਾਰ ਟਕਰਾ ਗਈ। ਮੈਟਰੋਪੋਲੀਟਨ ਪੁਲਸ ਨੇ ਇਸ ਸਬੰਧੀ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੈਟਰੋਪੋਲੀਟਨ ਪੁਲਸ ਨੇ ਇਕ ਬਿਆਨ ‘ਚ ਕਿਹਾ, “ਸ਼ਾਮ ਲਗਭਗ 4.20 ਵਜੇ (ਸਥਾਨਕ ਸਮੇਂ) ‘ਤੇ ਇਕ ਕਾਰ ਵ੍ਹਾਈਟਹਾਲ ‘ਤੇ ਡਾਊਨਿੰਗ ਸਟ੍ਰੀਟ ਦੇ ਗੇਟ ਨਾਲ ਟਕਰਾ ਗਈ।”

ਪੁਲਸ ਨੇ ਕਿਹਾ, “ਹਥਿਆਰਬੰਦ ਅਧਿਕਾਰੀਆਂ ਨੇ ਅਪਰਾਧਿਕ ਨੁਕਸਾਨ ਅਤੇ ਖਤਰਨਾਕ ਡਰਾਈਵਿੰਗ ਦੇ ਸ਼ੱਕ ਵਿੱਚ ਇਕ ਵਿਅਕਤੀ ਨੂੰ ਘਟਨਾ ਸਥਾਨ ਤੋਂ ਗ੍ਰਿਫ਼ਤਾਰ ਕੀਤਾ ਹੈ। ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਜਾਂਚ ਜਾਰੀ ਹੈ।” ਅਧਿਕਾਰੀ ਜਲਦ ਹੀ ਮੌਕੇ ‘ਤੇ ਪਹੁੰਚ ਗਏ ਤੇ ਕੁਝ ਸਮੇਂ ਵਿੱਚ ਕਾਰਵਾਈ ਨੂੰ ਖ਼ਤਮ ਕਰਦੇ ਦੇਖਿਆ ਜਾ ਸਕਦਾ ਸੀ।

ਲੰਡਨ ਦੇ ਮਸ਼ਹੂਰ ਟ੍ਰੈਫਲਗਰ ਸਕੁਆਇਰ ਤੋਂ ਪਾਰਲੀਮੈਂਟ ਸਕੁਆਇਰ ਦੇ ਵਿਚਕਾਰ ਸਥਿਤ ਵ੍ਹਾਈਟਹਾਲ ਦੀ ਘੇਰਾਬੰਦੀ ਕੀਤੀ ਗਈ ਸੀ। ਡਾਊਨਿੰਗ ਸਟ੍ਰੀਟ ਦੇ ਅੰਦਰ ਅਧਿਕਾਰੀਆਂ ਨੂੰ ਕਥਿਤ ਤੌਰ ‘ਤੇ ਅੰਦਰ ਰਹਿਣ ਲਈ ਕਿਹਾ ਗਿਆ ਹੈ ਤੇ ਇਹ ਅਸਪੱਸ਼ਟ ਹੈ ਕਿ ਕੀ ਘਟਨਾ ਦੇ ਸਮੇਂ ਸੁਨਕ ਆਪਣੇ ਦਫ਼ਤਰ ਵਿੱਚ ਸੀ ਜਾਂ ਨਹੀਂ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ ‘ਚ ਇਕ ਚਿੱਟੇ ਰੰਗ ਦੀ ਪੈਸੰਜਰ ਕਾਰ ਜਿਸ ਦੀ ਡਿੱਕੀ ਖੁੱਲ੍ਹੀ ਹੋਈ ਹੈ, ਡਾਊਨਿੰਗ ਸਟ੍ਰੀਟ ਦੇ ਗੇਟ ‘ਤੇ ਘੁੰਮਦੀ ਦਿਖਾਈ ਦੇ ਰਹੀ ਹੈ।

ਡਾਊਨਿੰਗ ਸਟ੍ਰੀਟ ਦਾ ਗੇਟ ਫਸਟ ਲਾਈਨ ਦੀ ਸਕਿਓਰਿਟੀ ਹੈ। ਇਸ ਗੇਟ ‘ਤੇ ਹਮੇਸ਼ਾ ਹਥਿਆਰਬੰਦ ਫੋਰਸ ਤਾਇਨਾਤ ਰਹਿੰਦੀ ਹੈ। ਸਟ੍ਰੀਟ ‘ਤੇ ਚੱਲਣ ਵਾਲੀਆਂ ਸਰਕਾਰੀ ਕਾਰਾਂ ਨੂੰ ਹੇਠਾਂ ਉਤਰਦਿਆਂ ਹੀ ਚੈੱਕ ਕੀਤਾ ਜਾਂਦਾ ਹੈ। ਇੱਥੇ ਹਮੇਸ਼ਾ ਹਾਈ ਸਕਿਓਰਿਟੀ ਰਹਿੰਦੀ ਹੈ। 1989 ‘ਚ ਡਾਊਨਿੰਗ ਸਟ੍ਰੀਟ ਦੇ ਗੇਟ ਦੇ ਬਾਹਰ ਇਕ ਆਈਆਰਏ ਬੰਬ ਧਮਾਕਾ ਹੋਇਆ ਸੀ। ਇਸ ਦੇ ਨਾਲ ਹੀ 1991 ‘ਚ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ 3 ਮੋਰਟਾਰ ਦਾਗੇ ਗਏ ਸਨ। ਉਦੋਂ ਤੋਂ ਉਥੇ ਸੁਰੱਖਿਆ ਵਿਵਸਥਾ ਕਾਫੀ ਵਧਾ ਦਿੱਤੀ ਗਈ ਹੈ।

Add a Comment

Your email address will not be published. Required fields are marked *