ਸੰਸਦ ਦਾ ਨਿਰਮਾਣ ‘ਹਉਮੈ ਦੀਆਂ ਇੱਟਾਂ’ ਨਾਲ ਨਹੀਂ, ਸੰਵਿਧਾਨਕ ਕਦਰਾਂ ਕੀਮਤਾਂ ਨਾਲ ਹੋਇਆ: ਰਾਹੁਲ ਗਾਂਧੀ
ਨਵੀਂ ਦਿੱਲੀ, 24 ਮਈ-: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਦੇਸ਼ ਦੀ ਨਵੀਂ ਸੰਸਦ ਦਾ ਉਦਘਾਟਨ ਨਾ ਕਰਵਾਉਣਾ ਤੇ ਨਾ ਹੀ ਉਨ੍ਹਾਂ ਨੂੰ ਉਦਘਾਟਨੀ ਸਮਾਗਮ ਲਈ ਸੱਦਣਾ ਦੇਸ਼ ਦੇ ਸਿਖਰਲੇ ਸੰਵਿਧਾਨਕ ਅਹੁਦੇ ਦਾ ‘ਅਪਮਾਨ’ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਸੰਸਦ ‘ਹਉਮੈ ਦੀਆਂ ਇੱਟਾਂ’ ਨਾਲ ਨਹੀਂ ਬਲਕਿ ਸੰਵਿਧਾਨਕ ਕਦਰਾਂ ਕੀਮਤਾਂ ਨਾਲ ਬਣੀ ਹੈ। ਗਾਂਧੀ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਕਾਂਗਰਸ, ਖੱਬੀਆਂ ਪਾਰਟੀਆਂ, ਆਪ ਤੇ ਤ੍ਰਿਣਮੂਲ ਕਾਂਗਰਸ ਸਣੇ 19 ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 28 ਮਈ ਨੂੰ ਨਵੀਂ ਸੰਸਦ ਦੇ ਉਦਘਾਟਨੀ ਸਮਾਗਮ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਗਾਂਧੀ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਰਾਸ਼ਟਰਪਤੀ ਤੋਂ ਨਵੀਂ ਸੰਸਦ ਦਾ ਉਦਘਾਟਨ ਨਾ ਕਰਵਾਉਣਾ ਤੇ ਨਾ ਹੀ ਉਨ੍ਹਾਂ ਨੂੰ ਉਦਘਾਟਨੀ ਸਮਾਗਮ ਲਈ ਸੱਦਣਾ ਦੇਸ਼ ਦੇ ਸਿਖਰਲੇ ਸੰਵਿਧਾਨਕ ਅਹੁਦੇ ਦਾ ਨਿਰਾਦਰ ਹੈ। ਸੰਸਦ ਦੀ ਉਸਾਰੀ ਹਉਮੈ ਦੀਆਂ ਇੱਟਾਂ ਨਾਲ ਨਹੀਂ ਬਲਕਿ ਸੰਵਿਧਾਨਕ ਕਦਰਾਂ ਕੀਮਤਾਂ ਜ਼ਰੀਏ ਹੁੰਦੀ ਹੈ।’’ ਉਧਰ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘‘ਜਮਹੂਰੀਅਤ ਦੀ ‘ਸ਼ਹਿਨਾਈ’ ਸੰਸਦ ਵਿੱਚ ਵੱਜਣੀ ਚਾਹੀਦੀ ਹੈ, ਪਰ ਜਦੋਂ ਦੇ ਅਖੌਤੀ ‘ਵਿਸ਼ਵਗੁਰੂ’ ਆੲੇ ਹਨ, ‘ਤਾਨਾਸ਼ਾਹੀ’ ਦੀ ਤੋਪ ਚਲਾਈ ਜਾ ਰਹੀ ਹੈ। ਇਮਾਰਤ ਨਹੀਂ ਨੀਅਤ ਬਦਲੋ।’’ ਪਾਰਟੀ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਨੇ ਕਿਹਾ ਕਿ ਸੰਸਦ ਮੁਕੱਦਸ ਹੈ, ਅਤੇ ਸਰਕਾਰ ਦਾ ਮੁਖੀ ਹੋਣ ਦੇ ਨਾਤੇ ਰਾਸ਼ਟਰਪਤੀ ਮੁਰਮੂ ਇਕੋ ਇਕ ਅਥਾਰਿਟੀ ਹੈ, ਜੋ ਨਵੀਂ ਸੰਸਦ ਦੇ ਉਦਘਾਟਨ ਦੇ ਸ਼ਾਨਦਾਰ ਮੌਕੇ ਪ੍ਰਧਾਨਗੀ ਕਰ ਸਕਦੇ ਹਨ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਵੱਲੋਂ ਨਵੀਂ ਇਮਾਰਤ ਦਾ ਉਦਘਾਟਨ ਕਰਨਾ ਹੈਰਾਨੀਜਨਕ ਫੈਸਲਾ ਨਹੀਂ, ਪਰ ਭੈਭੀਤ ਕਰਨ ਵਾਲਾ ਜ਼ਰੂਰ ਹੈ। ਵਿਰੋਧੀ ਧਿਰ ਵਜੋਂ ਅਸੀਂ ਉਸ ਸਮਾਗਮ ਵਿੱਚ ਸ਼ਮੂਲੀਅਤ ਤੋਂ ਨਾਂਹ ਕਰਦੇ ਹਾਂ, ਜੋ ਸਿਰਫ਼ ਪ੍ਰਧਾਨ ਮੰਤਰੀ ਦੀ ਵਡਿਆਈ ਲਈ ਹੋਵੇ।’’ ਸੀਨੀਅਰ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਉਨ੍ਹਾਂ ਦੀ ਟਿੱਪਣੀ ਕਿ ਇੰਦਰਾ ਗਾਂਧੀ ਨੇ 1975 ਵਿੱਚ ਸੰਸਦੀ ਵਾਧੇ ਵਾਲੀ ਇਮਾਰਤ ਦਾ ਉਦਘਾਟਨ ਕੀਤਾ ਸੀ ਤੇ ਰਾਜੀਵ ਗਾਂਧੀ ਨੇ 1987 ਵਿੱਚ ਸੰਸਦੀ ਲਾਇਬਰੇਰੀ ਦੀ ਨੀਂਹ ਰੱਖੀ ਸੀ, ਲਈ ਘੇਰਦਿਆਂ ਕਿਹਾ, ‘‘ਪਿਆਰੇ ਹਰਦੀਪ ਸਿੰਘ ਪੁਰੀ ਜੀ ਇਹ ਦੋਵੇਂ ਮਤਹਿਤ ਇਮਾਰਤਾਂ ਸਨ…ਇਕ ਵਾਧਾ ਸੀ ਤੇ ਦੂਜੀ ਲਾਇਬਰੇਰੀ। ਇਹ ਪੂਰੀ ਨਵੀਂ ਸੰਸਦੀ ਇਮਾਰਤ ਹੈ! ਕੀ ਸੰਵਿਧਾਨ ਇਹ ਨਹੀਂ ਕਹਿੰਦਾ ਕਿ ਸੰਸਦ ਦਾ ਮੁਖੀ ਹੋਣ ਦੇ ਨਾਤੇ ਰਾਸ਼ਟਰਪਤੀ ਵੱਲੋਂ ਸੰਸਦ ਦਾ ਇਜਲਾਸ ਸੱਦਿਆ ਤੇ ਅਣਮਿੱਥੇ ਸਮੇਂ ਲਈ ਮੁਲਤਵੀ ਕੀਤਾ ਜਾਂਦਾ ਹੈ? ਫਿਰ ਕੀ ਪ੍ਰਧਾਨ ਮੰਤਰੀ ਦੀ ਥਾਂ ਉਨ੍ਹਾਂ ਨੂੰ ਇਸ ਦਾ ਉਦਘਾਟਨ ਨਹੀਂ ਕਰਨਾ ਚਾਹੀਦਾ?’’

