ਸਕੂਲ ਹੋਸਟਲ ‘ਚ ਲੱਗੀ ਭਿਆਨਕ ਅੱਗ, 20 ਬੱਚਿਆਂ ਦੀ ਦਰਦਨਾਕ ਮੌਤ

ਜੌਰਜਟਾਊਨ : ਗੁਆਨਾ ਵਿਚ ਇਕ ਸਕੂਲ ਦੇ ਹੋਸਟਲ ਵਿਚ ਅੱਗ ਲੱਗਣ ਕਾਰਨ ਘੱਟੋ-ਘੱਟ 20 ਬੱਚੇ ਸੁੱਤੇ ਹੀ ਮੌਤ ਦੇ ਮੂੰਹ ਵਿਚ ਚਲੇ ਗਏ। ਮੀਡੀਆ ਰਿਪੋਰਟ ਵਿਚ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। sun.co.uk ਦੀ ਰਿਪੋਰਟ ਮੁਤਾਬਕ ਐਤਵਾਰ ਦੀ ਰਾਤ ਨੂੰ ਸੈਂਟਰਲ ਗੁਆਨਾ ਦੇ ਮਹਿਦੀਆ ਸੈਕੰਡਰੀ ਸਕੂਲ ਵਿੱਚ ਅੱਗ ਰਾਤ ਕਰੀਬ 11.40 ਵਜੇ ਲੱਗੀ। ਰਾਸ਼ਟਰਪਤੀ ਇਰਫਾਨ ਅਲੀ ਨੇ ਇਸਨੂੰ ਇੱਕ “ਵੱਡੀ ਆਫ਼ਤ” ਦੱਸਿਆ। 

ਰਾਸ਼ਟਰਪਤੀ ਨੇ ਇੱਕ ਬਿਆਨ ਵਿੱਚ ਕਿਹਾ, “ਇਹ ਇੱਕ ਭਿਆਨਕ, ਦੁਖਦਾਈ ਅਤੇ ਦਰਦਨਾਕ ਘਟਨਾ ਹੈ ਅਤੇ ਮੈਂ ਮਾਪਿਆਂ ਅਤੇ ਬੱਚਿਆਂ ਦੇ ਦਰਦ ਦੀ ਕਲਪਨਾ ਨਹੀਂ ਕਰ ਸਕਦਾ ਅਤੇ ਇੱਕ ਦੇਸ਼ ਦੇ ਰੂਪ ਵਿੱਚ ਸਾਨੂੰ ਇਸ ਨਾਲ ਨਜਿੱਠਣਾ ਹੋਵੇਗਾ।” ਸਿਹਤ ਅਧਿਕਾਰੀਆਂ ਦੀ ਸਹਾਇਤਾ ਲਈ ਪੰਜ ਜਹਾਜ਼ਾਂ ਨੇ ਕਥਿਤ ਤੌਰ ‘ਤੇ ਉਡਾਣ ਭਰੀ ਹੈ, ਜਿਸ ਵਿਚ 7 ਬੱਚਿਆਂ ਨੂੰ ਇਲਾਜ ਲਈ ਜਾਰਜਟਾਊਨ ਲਿਜਾਣ ਦੀ ਯੋਜਨਾ ਹੈ। ਸਥਾਨਕ ਮੀਡੀਆ ਅਨੁਸਾਰ ਬਹੁਤ ਸਾਰੇ ਬੱਚੇ ਲਾਪਤਾ ਹਨ। ਮਹਿਦੀਆ ਕਸਬਾ ਸੋਨੇ ਦੀ ਖੁਦਾਈ ਲਈ ਜਾਣਿਆ ਜਾਂਦਾ ਹੈ ਅਤੇ ਸਕੂਲ ਵਿਚ ਇਸ ਖੇਤਰ ਦੇ ਆਲੇ-ਦੁਆਲੇ ਦੇ ਕਸਬਿਆਂ ਅਤੇ ਪਿੰਡਾਂ ਦੇ ਵਿਦਿਆਰਥੀ ਰਹਿੰਦੇ ਹਨ।

Add a Comment

Your email address will not be published. Required fields are marked *