ਬਾਸਕਟਬਾਲ ਦੀ ਕੌਮਾਂਤਰੀ ਖਿਡਾਰਨ ਕਿਰਨ ਅਜੀਤ ਪਾਲ ਸਿੰਘ ਦਾ ਦੇਹਾਂਤ

ਚੰਡੀਗੜ੍ਹ, 20 ਮਈ-: ਬਾਸਕਟਬਾਲ ਦੀ ਕੌਮਾਂਤਰੀ ਖਿਡਾਰਨ ਅਤੇ ਓਲੰਪੀਅਨ ਅਜੀਤ ਪਾਲ ਸਿੰਘ ਦੀ ਪਤਨੀ ਕਿਰਨ ਅਜੀਤ ਪਾਲ ਸਿੰਘ (69) ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਉਨ੍ਹਾਂ ਅੱਜ ਨਵੀਂ ਦਿੱਲੀ ਵਿਚ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਪਰਿਵਾਰ ਵਿੱਚ ਪਤੀ ਤੇ ਦੋ ਪੁੱਤਰ ਹਨ। ਕਿਰਨ ਅਜੀਤ ਪਾਲ ਸਿੰਘ ਨੂੰ ਕਿਰਨ ਗਰੇਵਾਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕਿਰਨ ਅਜੀਤ ਪਾਲ ਸਿੰਘ ਦਾ ਅੰਤਿਮ ਸੰਸਕਾਰ ਭਲਕੇ ਨਵੀਂ ਦਿੱਲੀ ਵਿਖੇ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਕਿਰਨ ਗਰੇਵਾਲ ਵਿਸ਼ਵ ਹਾਕੀ ਕੱਪ 1975 ’ਚ ਭਾਰਤੀ ਟੀਮ ਦੇ ਕਪਤਾਨ ਰਹੇ ਪਦਮਸ੍ਰੀ ਤੇ ਓਲੰਪੀਅਨ ਅਜੀਤ ਪਾਲ ਸਿੰਘ ਦੀ ਪਤਨੀ ਸਨ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਹਾਕੀ ਓਲੰਪੀਅਨ ਅਜੀਤ ਪਾਲ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਅਜੀਤ ਪਾਲ ਸਿੰਘ ਤੇ ਉਨ੍ਹਾਂ ਦੀ ਪਤਨੀ ਕਿਰਨ ਅਜੀਤ ਪਾਲ ਸਿੰਘ ਦੋਵਾਂ ਨੇ ਕੌਮਾਂਤਰੀ ਪੱਧਰ ’ਤੇ ਖੇਡਾਂ ਦੇ ਖੇਤਰ ’ਚ ਭਾਰਤੀ ਦੀ ਨੁਮਾਇੰਦਗੀ ਕਰਦਿਆਂ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਮੀਤ ਹੇਅਰ ਨੇ ਅਜੀਤ ਪਾਲ ਸਿੰਘ ਨਾਲ ਡੂੰਘਾ ਦੁੱਖ ਜ਼ਾਹਿਰ ਕਰਦਿਆਂ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਦੀ ਕਾਮਨਾ ਕੀਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ। 

Add a Comment

Your email address will not be published. Required fields are marked *