ਵਿਆਨਾ ਕਾਂਡ ਦੌਰਾਨ ਲੱਗੇ ਦੋਸ਼ਾਂ ਦਾ ਮਾਮਲਾ, ਕੌਂਸਲਰ ਮਨਦੀਪ ਜੱਸਲ ਸਣੇ ਪੰਜ ਲੋਕਾਂ ਨੂੰ 5-5 ਸਾਲ ਦੀ ਸਜ਼ਾ

ਜਲੰਧਰ –ਰਾਮਾ ਮੰਡੀ ਦੇ ਕਾਂਗਰਸੀ ਕੌਂਸਲਰ ਮਨਦੀਪ ਕੁਮਾਰ ਜੱਸਲ ਸਣੇ 5 ਵਿਅਕਤੀਆਂ ਨੂੰ ਮਾਣਯੋਗ ਅਦਾਲਤ ਨੇ ਵਿਆਨਾ ਕਾਂਡ ਦੌਰਾਨ ਲਾਏ ਦੋਸ਼ਾਂ ਦੇ ਮਾਮਲੇ ’ਚ 5-5 ਸਾਲ ਦੀ ਸਜ਼ਾ ਸੁਣਾਈ ਹੈ। ਵਿਆਨਾ ਕਾਂਡ ਸਮੇਂ ਸਾਲ 2009 ’ਚ ਰਾਮਾ ਮੰਡੀ ’ਚ ਜੌਹਲ ਹਸਪਤਾਲ ’ਚ ਭੰਨ-ਤੋੜ ਕਰਨ ਸਬੰਧੀ ਡਾ. ਬੀ. ਐੱਸ. ਜੌਹਲ ਵੱਲੋਂ ਥਾਣਾ ਰਾਮਾ ਮੰਡੀ ’ਚ ਜੱਸਲ ’ਤੇ ਕੇਸ ਦਰਜ ਕਰਵਾਇਆ ਗਿਆ ਸੀ। ਡਾ. ਜੌਹਲ ਲਗਾਤਾਰ ਇਹ ਕੇਸ ਲੜ ਰਹੇ ਸਨ ਤੇ ਅੱਜ 14 ਸਾਲਾਂ ਬਾਅਦ ਜੱਸਲ ਤੇ ਉਸ ਦੇ ਸਾਥੀਆਂ ਨੂੰ ਮਾਣਯੋਗ ਅਦਾਲਤ ਵੱਲੋਂ 5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅੱਜ ਸੁਣਾਏ ਗਏ ਫ਼ੈਸਲੇ ਸਬੰਧੀ ਡਾ. ਬੀ. ਐੱਸ. ਜੌਹਲ ਨੇ ਕਿਹਾ ਹੈ ਕਿ ਲੰਬੇ ਸਮੇਂ ਦੀ ਲੜਾਈ ਤੋਂ ਬਾਅਦ ਅੱਜ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ ਇਹ ਕੇਸ ਵਾਪਸ ਲੈਣ ਲਈ ਉਨ੍ਹਾਂ ਨੂੰ ਕਾਫ਼ੀ ਦਬਾਅ ਦਾ ਸਾਹਮਣਾ ਕਰਨਾ ਪਿਆ, ਸਗੋਂ ਉਨ੍ਹਾਂ ਨੂੰ ਪ੍ਰਮਾਤਮਾ ’ਤੇ ਪੂਰਾ ਭਰੋਸਾ ਸੀ ਤੇ ਅੱਜ ਸੱਚਾਈ ਦੀ ਜਿੱਤ ਹੋਈ ਹੈ।

ਇਹ ਕੇਸ ਉਨ੍ਹਾਂ ਵੱਲੋਂ ਸ਼ਹਿਰ ਦੇ ਮੰਨੇ-ਪ੍ਰਮੰਨੇ ਕ੍ਰਿਮੀਨਲ ਕੇਸਾਂ ਦੇ ਵਕੀਲ ਦਰਸ਼ਨ ਸਿੰਘ ਦਿਆਲ ਵੱਲੋਂ ਲੜਿਆ ਜਾ ਰਿਹਾ ਸੀ। ਉਨ੍ਹਾਂ ਜੱਸਲ ’ਤੇ ਜ਼ਮਾਨਤੀ ਧਾਰਾਵਾਂ ਤਹਿਤ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ ਨੂੰ ਹਾਈਕੋਰਟ ਤੱਕ ਪਹੁੰਚਾਇਆ ਗਿਆ ਸੀ। ਅੱਜ ਜੱਸਲ ਦੀ ਪੇਸ਼ੀ ਦੌਰਾਨ ਡਾ. ਜੌਹਲ ਦੇ ਹੱਕ ’ਚ ਐਡ. ਦਰਸ਼ਨ ਸਿੰਘ ਦਿਆਲ ਵੱਲੋਂ ਪੇਸ਼ ਕੀਤੀਆਂ ਗਈਆਂ ਦਲੀਲਾਂ ਨੂੰ ਮੁੱਖ ਰੱਖਦਿਆਂ ਮਾਣਯੋਗ ਅਦਾਲਤ ਨੇ ਜੱਸਲ ਤੇ ਉਸ ਦੇ ਸਾਥੀਆਂ ਗੁਲਜ਼ਾਰਾ ਸਿੰਘ, ਬਾਲ ਮੁਕੰਦ ਬਿੱਲਾ, ਸ਼ਿੰਗਾਰਾ ਰਾਮ ਤੇ ਕਿਸ਼ਨਪਾਲ ਮਿੰਟੂ ਸਾਰੇ ਨਿਵਾਸੀ ਕਾਕੀ ਪਿੰਡ ਰਾਮਾ ਮੰਡੀ ਨੂੰ ਸਜ਼ਾ ਸੁਣਾਉਂਦੇ ਹੋਏ ਪੁਲਸ ਨੂੰ ਮੌਕੇ ’ਤੇ ਹੀ ਹਿਰਾਸਤ ’ਚ ਲੈਣ ਦੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ। ਮਾਣਯੋਗ ਅਦਾਲਤ ਵੱਲੋਂ ਜੱਸਲ ਤੇ ਉਸ ਦੇ ਸਾਥੀਆਂ ਨੂੰ 5 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਮਾ ਮੰਡੀ ਥਾਣੇ ਦੇ ਇੰਚਾਰਜ ਇੰਸ. ਅਜਾਇਬ ਸਿੰਘ ਔਜਲਾ ਵੱਲੋਂ ਮਨਦੀਪ ਕੁਮਾਰ ਜੱਸਲ, ਗੁਲਜ਼ਾਰਾ ਸਿੰਘ, ਸ਼ਿੰਗਾਰਾ ਰਾਮ, ਬਾਲ ਮੁਕੰਦ ਤੇ ਕਿਸ਼ਨ ਪਾਲ ਦਾ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਇਆ ਗਿਆ। ਉਸ ਤੋਂ ਬਾਅਦ ਇੰਸ. ਔਜਲਾ ਜੱਸਲ ਤੇ ਬਾਕੀ ਲੋਕਾਂ ਨੂੰ ਕੇਂਦਰੀ ਜੇਲ੍ਹ ਕਪੂਰਥਲਾ ਵਿਖੇ ਛੱਡ ਆਏ। ਦੱਸਿਆ ਜਾ ਰਿਹਾ ਹੈ ਕਿ ਸਮਾਂ ਮਿਲਣ ’ਤੇ ਕੌਂਸਲਰ ਜੱਸਲ ਨੂੰ ਹੁਣ ਆਪਣੀ ਜ਼ਮਾਨਤ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਅਪੀਲ ਦਾਇਰ ਕਰਨੀ ਪਵੇਗੀ ਪਰ ਉਦੋਂ ਤੱਕ ਉਨ੍ਹਾਂ ਨੂੰ ਜੇਲ੍ਹ ’ਚ ਹੀ ਰਹਿਣਾ ਹੋਵੇਗਾ

Add a Comment

Your email address will not be published. Required fields are marked *