ਕਾਂਗਰਸ ਛੱਡਣ ਵਾਲਿਆਂ ਦਾ ਹਾਲ ਸਭ ਨੂੰ ਪਤਾ: ਰੰਧਾਵਾ

ਜੈਪੁਰ, 20 ਮਈ-: ਰਾਜਸਥਾਨ ’ਚ ਵੱਖਰੇ ਧੜੇ ਦੀ ਅਗਵਾਈ ਕਰ ਰਹੇ ਕਾਂਗਰਸ ਆਗੂ ਸਚਿਨ ਪਾਇਲਟ ਨੂੰ ਅੱਜ ਸਪੱਸ਼ਟ ਸੁਨੇਹਾ ਦਿੰਦਿਆਂ ਸੂਬਾਈ ਕਾਂਗਰਸ ਦੇ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੋ ਵੀ ਪਾਰਟੀ ਦਾ ਸਾਥ ਛੱਡ ਕੇ ਗਿਆ ਹੈ, ਉਸ ਦਾ ਹਾਲ ਸਾਰੇ ਜਾਣਦੇ ਹਨ। ਉਹ ਇੱਥੇ ਜੈਪੁਰ ਹਵਾਈ ਅੱਡੇ ’ਤੇ ਪਾਇਲਟ ਸਬੰਧੀ ਪੁੱਛੇ ਗਏ ਸਵਾਲਾਂ ਦਾ ਜਵਾਬ ਦੇ ਰਹੇ ਸਨ। ਰੰਧਾਵਾ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ, ‘ਪਾਰਟੀ ਤਾਂ ਕਦੀ ਕਿਸੇ ਨੂੰ ਨਹੀਂ ਕੱਢਣਾ ਚਾਹੁੰਦੀ। ਕਾਂਗਰਸ ਅਜਿਹੀ ਪਾਰਟੀ ਹੈ ਜੋ ਹਰੇਕ ਦਾ ਸਤਿਕਾਰ ਕਰਦੀ ਹੈ ਅਤੇ ਜੋ ਪੁਰਾਣੇ ਹਨ ਉਨ੍ਹਾਂ ਨੂੰ ਤਾਂ ਕਦੀ ਵੀ ਨਹੀਂ ਛੱਡਣਾ ਚਾਹੁੰਦੀ। ਕਾਂਗਰਸ ਨੇ ਕਿਸੇ ਨੂੰ ਨਹੀਂ ਕੱਢਿਆ ਅਤੇ ਜੋ ਕਾਂਗਰਸ ਨੂੰ ਛੱਡ ਕੇ ਗਿਆ ਹੈ, ਉਸ ਦਾ ਜੋ ਹਾਲ ਹੋਇਆ, ਉਸ ਨੂੰ ਤੁਸੀਂ ਸਾਰੇ ਜਾਣਦੇ ਹੋ।’ ਆਰਬੀਆਈ ਵੱਲੋਂ ਦੋ ਹਜ਼ਾਰ ਰੁਪਏ ਦੇ ਨੋਟ ਨੂੰ ਚਲਣ ਤੋਂ ਬਾਹਰ ਕਰਨ ਦੇ ਐਲਾਨ ਨੂੰ ਲੈ ਕੇ ਰੰਧਾਵਾ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਤੇ ਕਿਹਾ, ‘ਜੋ ਭਾਜਪਾ ਸਰਕਾਰ ਸੱਤ ਸਾਲ ਤੱਕ ਦੋ ਹਜ਼ਾਰ ਦਾ ਇੱਕ ਨੋਟ ਨਹੀਂ ਚਲਾ ਸਕੀ, ਉਹ ਕਾਂਗਰਸ ਨੂੰ ਪੁੱਛ ਰਹੀ ਹੈ ਕਿ ਸੱਤਰ ਸਾਲ ’ਚ ਕੀ ਕੀਤਾ। ਕਾਂਗਰਸ ਦੇਸ਼ ਨੂੰ  ਨੰਬਰ-1 ’ਤੇ ਲਿਆਈ।’ 

Add a Comment

Your email address will not be published. Required fields are marked *