ਸ਼ਰਦ ਪਵਾਰ ਵੱਲੋਂ ਖੜਗੇ ਤੇ ਰਾਹੁਲ ਨਾਲ ਮੁਲਾਕਾਤ

ਨਵੀਂ ਦਿੱਲੀ, 13 ਅਪਰੈਲ-: ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਅਗਲੀਆਂ ਲੋਕ ਸਭਾ ਚੋਣਾਂ ਲਈ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਦਰਮਿਆਨ ਅੱਜ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਵਿਰੋਧੀ ਧਿਰਾਂ ਨੂੰ ਇਕ ਮੰਚ ’ਤੇ ਲਿਆਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦਾ ਅਹਿਦ ਲਿਆ। ਪਵਾਰ ਨੇ ਟੀਐੱਮਸੀ ਅਤੇ ‘ਆਪ’ ਜਿਹੀਆਂ ਪਾਰਟੀਆਂ ਨੂੰ ਨਾਲ ਲਿਆਉਣ ’ਤੇ ਵੀ ਜ਼ੋਰ ਦਿੱਤਾ।

ਇਸ ਮੀਟਿੰਗ ਤੋਂ ਬਾਅਦ ਖੜਗੇ, ਪਵਾਰ ਤੇ ਰਾਹੁਲ ਨੇ ਕਿਹਾ ਕਿ ਵਿਰੋਧੀ ਧਿਰਾਂ ਨੂੰ ਇਕਜੁੱਟ ਕਰਨ ਦੀ ਲੋੜ ਹੈ ਅਤੇ ਸਾਰੇ ਇਸ ਲਈ ਪ੍ਰਤੀਬੱਧ ਹਨ। ਖੜਗੇ ਨੇ ਪੱਤਰਕਾਰਾਂ ਨੂੰ ਕਿਹਾ, ‘ਬੀਤੇ ਦਿਨ ਨਿਤੀਸ਼ ਜੀ, ਤੇਜਸਵੀ ਨੇ ਗੱਲ ਕੀਤੀ ਸੀ। ਸਾਰੇ ਲੋਕਤੰਤਰ, ਸੰਵਿਧਾਲ ਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਬਚਾਉਣ ਅਤੇ ਮਹਿੰਗਾਈ ਨੌਜਵਾਨਾਂ ਲਈ ਮਿਲ ਕੇ ਕੰਮ ਕਰਨਗੇ।’ ਇਸ ਮੁਲਾਕਾਤ ਤੋਂ ਬਾਅਦ ਖੜਗੇ ਨੇ ਟਵੀਟ ਕੀਤਾ, ‘ਇਕੱਠੇ ਤੇ ਮਜ਼ਬੂਤ ਹਾਂ। ਅਸੀਂ ਜਨਤਾ ਦੇ ਬਿਹਤਰ, ਰੌਸ਼ਨ ਤੇ ਸਾਂਝੇ ਭਵਿੱਖ ਲਈ ਇਕਜੁੱਟ ਹਾਂ। ਰਾਹੁਲ ਗਾਂਧੀ ਤੇ ਸ਼ਰਦ ਪਵਾਰ ਨਾਲ ਅਗਲੇਰੇ ਕਦਮਾਂ ਬਾਰੇ ਚਰਚਾ ਹੋਈ।’ ਪਵਾਰ ਨੇ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ। ਇਸ ਤੋਂ ਬਾਅਦ ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ ਤੇ ਹੋਰ ਪਾਰਟੀਆਂ ਨਾਲ ਗੱਲਬਾਤ ਕਰਨੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਇਸ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਵਚਨਬੱਧ ਹਨ। ਮੀਟਿੰਗ ’ਚ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਦਿਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਖੱਬੇਪੱਖੀ ਆਗੂਆਂ ਸੀਤਾਰਾਮ ਯੇਚੁਰੀ ਤੇ ਡੀ ਰਾਜਾ ਨਾਲ ਮੁਲਾਕਾਤ ਕੀਤੀ ਸੀ। ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰਾਂ ’ਚ ਏਕੇ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਨਿਤੀਸ਼ ਕੁਮਾਰ ਨੇ ਬੁੱਧਵਾਰ ਨੂੰ ਖੜਗੇ ਅਤੇ ਰਾਹੁਲ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਵੀ ਮੁਲਾਕਾਤ ਕੀਤੀ ਸੀ। ਪਵਾਰ ਵੱਲੋਂ ਅਡਾਨੀ ਮੁੱਦੇ ’ਤੇ ਜਾਂਚ ਲਈ ਜੇਪੀਸੀ ਕਾਇਮ ਕਰਨ ਦੀ ਬਜਾਏ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਮੇਟੀ ਦੀ ਮੰਗ ਕੀਤੇ ਜਾਣ ਨਾਲ ਵਿਰੋਧੀ ਧਿਰਾਂ ’ਚ ਕੁਝ ਵਖਰੇਵੇਂ ਪੈਦਾ ਹੋ ਗਏ ਸਨ। ਇੰਜ ਜਾਪਦਾ ਹੈ ਕਿ ਨਿਤੀਸ਼ ਦੀਆਂ ਕੋਸ਼ਿਸ਼ਾਂ ਨੂੰ ਦੇਖਦਿਆਂ ਪਵਾਰ ਵੀ ਵਿਰੋਧੀ ਧਿਰਾਂ ਨਾਲ ਸੁਰ ਮਿਲਾਉਣ ਲਈ ਹਰਕਤ ’ਚ ਆ ਗਏ ਹਨ। ਹੁਣ ਉਨ੍ਹਾਂ ਵੀ ਭਾਜਪਾ ਸਰਕਾਰ ਖ਼ਿਲਾਫ਼ ਏਕਤਾ ਦੀ ਵਕਾਲਤ ਕੀਤੀ ਹੈ।

Add a Comment

Your email address will not be published. Required fields are marked *