ਪੰਜਾਬ ਜੀਓ ਮੈੱਸ ਦੇ ਅੰਦਰੋਂ 3 ਕੁਇੰਟਲ ਦੀ ਵਿਰਾਸਤੀ ਤੋਪ ਚੋਰੀ

ਚੰਡੀਗੜ੍ਹ : ਪੰਜਾਬ ਸਿਵਲ ਸਕੱਤਰੇਤ ਨੇੜੇ ਪੰਜਾਬ ਜੀਓ ਮੈੱਸ ਦੇ ਅੰਦਰੋਂ ਤਿੰਨ ਕੁਇੰਟਲ ਦੀ ਵਿਰਾਸਤੀ ਤੋਪ ਚੋਰੀ ਹੋ ਗਈ। ਡਿਊਟੀ ’ਤੇ ਤਾਇਨਾਤ ਸੰਚਾਲਕਾਂ ਨੂੰ ਵੀ ਤੋਪ ਚੋਰਾਂ ਦਾ ਕੋਈ ਸੁਰਾਗ ਨਹੀਂ ਲੱਗਾ। ਇੰਨੀ ਭਾਰੀ ਤੋਪ ਚੋਰੀ ਹੋਣ ਦੇ ਮਾਮਲੇ ਵਿਚ ਅੰਦਰਖਾਤੇ ਦੀ ਮਿਲੀਭੁਗਤ ਸਾਹਮਣੇ ਆ ਸਕਦੀ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਿਵਲ ਸਕੱਤਰੇਤ ਅਤੇ ਪੰਜਾਬ ਜੀਓ ਮੈੱਸ ਦੇ ਅੰਦਰ ਕੋਈ ਸੀ. ਸੀ. ਟੀ. ਵੀ. ਕੈਮਰੇ ਨਹੀਂ ਲਾਏ ਗਏ ਹਨ। ਸੈਕਟਰ-3 ਥਾਣੇ ਦੀ ਪੁਲਸ ਨੇ ਜੀਓ ਮੈੱਸ ਦੇ ਕਮਾਂਡੈਂਟ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉੱਚ ਅਧਿਕਾਰੀਆਂ ਨੇ ਵਿਰਾਸਤੀ ਤੋਪ ਚੋਰਾਂ ਨੂੰ ਫੜਨ ਲਈ ਵਿਸ਼ੇਸ਼ ਟੀਮ ਬਣਾਈ ਹੈ।

ਜੀਓ ਮੈੱਸ ਇੰਚਾਰਜ ਐੱਸ. ਆਈ. ਦਵਿੰਦਰ ਕੁਮਾਰ ਨੇ ਜੀਓ ਮੈੱਸ ਦੇ ਗੇਟ ਕੋਲ ਜਦੋਂ ਤੋਪ ਗਾਇਬ ਦੇਖੀ ਤਾਂ ਉਸ ਨੇ ਜੀਓ ਮੈੱਸ ਦੇ ਕਮਾਂਡੈਂਟ ਬਲਵਿੰਦਰ ਸਿੰਘ ਨੂੰ ਸੂਚਨਾ ਦਿੱਤੀ। ਬਲਵਿੰਦਰ ਸਿੰਘ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-3 ਥਾਣਾ ਇੰਚਾਰਜ ਸੁਖਦੀਪ ਸਿੰਘ ਮੌਕੇ ’ਤੇ ਪੁੱਜੇ ਅਤੇ ਡੀ. ਡੀ. ਆਰ. ਰਜਿਸਟਰਡ ਕੀਤੀ। 18 ਮਈ ਨੂੰ ਸੈਕਟਰ-3 ਥਾਣੇ ਦੀ ਪੁਲਸ ਨੇ ਜੀਓ ਮੈੱਸ ਦੇ ਕਮਾਂਡੈਂਟ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ-379 (ਚੋਰੀ) ਦਾ ਕੇਸ ਦਰਜ ਕੀਤਾ ਸੀ। ਜੀਓ ਮੈੱਸ ’ਚ ਪੰਜਾਬ ਪੁਲਸ ਦੇ ਪੀ. ਏ. ਪੀ. 82 ਬਟਾਲੀਅਨ ਦੇ ਜਵਾਨ ਵੀ ਰਹਿੰਦੇ ਹਨ।

ਜੀਓ ਮੈੱਸ ’ਚ 24 ਘੰਟੇ ਸੰਤਰੀ ਤਾਇਨਾਤ ਹੋਣ ਦੇ ਬਾਵਜੂਦ ਤਿੰਨ ਕੁਇੰਟਲ ਭਾਰੀ ਅਤੇ ਤਿੰਨ ਫੁੱਟ ਲੰਬੀ ਵਿਰਾਸਤੀ ਤੋਪ ਚੋਰੀ ਕਿਵੇਂ ਹੋ ਗਈ? ਜੀਓ ਮੈੱਸ ’ਚੋਂ ਚੋਰ ਇੰਨੀ ਭਾਰੀ ਤੋਪ ਕਿਵੇਂ ਲੈ ਗਏ? ਕਿਸੇ ਨੇ ਕਿਉਂ ਧਿਆਨ ਨਹੀਂ ਦਿੱਤਾ? ਸੈਕਟਰ-3 ਥਾਣਾ ਪੁਲਸ ਵੱਲੋਂ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਘਾਲੇ ਜਾ ਰਹੇ ਹਨ, ਤਾਂ ਜੋ ਪਤਾ ਲੱਗ ਸਕੇ ਕਿ ਚੋਰ ਵਿਰਾਸਤੀ ਤੋਪ ਕਿਸ ਪਾਸਿਓਂ ਲੈ ਗਏ ਹਨ।

ਪੁਲਸ ਨੇ ਦੱਸਿਆ ਕਿ ਵਿਰਾਸਤੀ ਤੋਪ 5 ਅਤੇ 6 ਮਈ ਦੀ ਦਰਮਿਆਨੀ ਰਾਤ ਨੂੰ ਚੋਰੀ ਹਈ ਸੀ। ਪੰਜਾਬ ਜੀਓ ਮੈੱਸ ਦੇ ਕਮਾਂਡੈਂਟ ਬਲਵਿੰਦਰ ਸਿੰਘ ਨੇ ਇਸ ਤੋਂ ਪਹਿਲਾਂ ਨਿੱਜੀ ਤੌਰ ’ਤੇ ਮਾਮਲੇ ਦੀ ਜਾਂਚ ਕੀਤੀ ਸੀ। ਉਨ੍ਹਾਂ ਨੇ ਮੈੱਸ ’ਚ ਤਾਇਨਾਤ ਸਟਾਫ਼ ਅਤੇ ਸੰਚਾਲਕਾਂ ਤੋਂ ਪੁੱਛਗਿੱਛ ਕੀਤੀ। ਕਮਾਂਡੈਂਟ ਨੇ ਆਪਣੀ ਜਾਂਚ ਪੂਰੀ ਕਰਨ ਤੋਂ ਬਾਅਦ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਦੂਜੇ ਪਾਸੇ ਸੈਕਟਰ-3 ਥਾਣੇ ਦੇ ਇੰਚਾਰਜ ਸੁਖਦੀਪ ਸਿੰਘ ਨੇ ਕਿਹਾ ਕਿ ਪੰਜਾਬ ਜੀਓ ਮੈੱਸ ਦੇ ਕਮਾਂਡੈਂਟ ਵੱਲੋਂ ਕੀਤੀ ਗਈ ਜਾਂਚ ਦੀ ਕਾਪੀ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਘਟਨਾ ਸਥਾਨ ਦੇ ਨੇੜੇ ਕੋਈ ਵੀ ਸੀ. ਸੀ. ਟੀ. ਵੀ. ਕੈਮਰੇ ਨਹੀਂ ਲਾਏ ਗਏ ਹਨ।

Add a Comment

Your email address will not be published. Required fields are marked *