ਮੁੱਖ ਮੰਤਰੀ ਵੱਲੋਂ ਲਾਚੋਵਾਲ ਟੌਲ ਪਲਾਜ਼ਾ ਬੰਦ ਕਰਨ ਦਾ ਐਲਾਨ

ਹੁਸ਼ਿਆਰਪੁਰ, 15 ਦਸੰਬਰ-: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਹੁਸ਼ਿਆਰਪੁਰ-ਟਾਂਡਾ ਸੜਕ ’ਤੇ ਪਿਛਲੇ 15 ਸਾਲਾਂ ਤੋਂ ਰਾਹਗੀਰਾਂ ਤੋਂ ਟੈਕਸ ਵਸੂਲ ਰਹੇ ਟੌਲ ਪਲਾਜ਼ਾ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ। ਟੌਲ ਪਲਾਜ਼ਾ ਚਲਾ ਰਹੀ ਕੰਪਨੀ ਦਾ ਸਰਕਾਰ ਨਾਲ ਹੋਇਆ ਸਮਝੌਤਾ 14 ਦਸੰਬਰ ਦੀ ਅੱਧੀ ਰਾਤ ਨੂੰ ਖਤਮ ਹੋ ਗਿਆ ਸੀ। ਭਾਵੇਂ ਇਸ ਦੀ ਜਾਣਕਾਰੀ ਬੀਤੀ ਰਾਤ ਡਿਪਟੀ ਕਮਿਸ਼ਨਰ ਵਲੋਂ ਮੀਡੀਆ ਰਾਹੀਂ ਦੇ ਦਿੱਤੀ ਗਈ ਸੀ ਪਰ ਮੁੱਖ ਮੰਤਰੀ ਇਹ ਐਲਾਨ ਕਰਨ ਲਈ ਅੱਜ ਖੁਦ ਉਚੇਚੇ ਤੌਰ ’ਤੇ ਟੌਲ ਪਲਾਜ਼ੇ ਵਾਲੀ ਥਾਂ ’ਤੇ ਪੁੱਜੇ। ਉਨ੍ਹਾਂ ਨਾਲ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ, ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ‘ਆਪ’ ਦੇ ਹੋਰ ਵਿਧਾਇਕ ਵੀ ਹਾਜ਼ਰ ਸਨ।

ਮੁੱਖ ਮੰਤਰੀ ਨੇ ਦੱਸਿਆ ਕਿ ਕੰਪਨੀ ਨੇ ਬੀਓਟੀ ਸਮਝੌਤੇ ਦੀ ਮਿਆਦ 522 ਹੋਰ ਦਿਨਾਂ ਲਈ ਵਧਾਉਣ ਦੀ ਮੰਗ ਕੀਤੀ ਸੀ ਤਾਂ ਜੋ ਕਰੋਨਾ ਕਾਰਨ ਲੌਕਡਾਊਨ ਅਤੇ ਕਿਸਾਨਾਂ ਦੇ ਅੰਦੋਲਨ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰ ਸਕਣ ਪਰ ਸਰਕਾਰ ਨੇ ਉਨ੍ਹਾਂ ਦੀ ਮੰਗ ਰੱਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 15 ਸਾਲਾਂ ਤੋਂ ਟੌਲ ਕੰਪਨੀ ਲੋਕਾਂ ਦੀ ਲੁੱਟ-ਖਸੁੱਟ ਕਰ ਰਹੀ ਸੀ।

ਉਨ੍ਹਾਂ ਦੋਸ਼ ਲਗਾਇਆ ਕਿ ਇਸ ਸਮੇਂ ਦੌਰਾਨ ਕੰਪਨੀ ਨੇ ਰੋਜ਼ਾਨਾ 1.94 ਲੱਖ ਰੁਪਏ ਦੀ ਕਮਾਈ ਕੀਤੀ ਪਰ ਸਮਝੌਤੇ ਦੀ ਇਕ ਵੀ ਸ਼ਰਤ ਪੂਰੀ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਸਰਕਾਰ ਨਾਲ ਧੋਖਾਧੜੀ ਕਰਨ ਦੇ ਦੋਸ਼ ਤਹਿਤ ਟੀ ਡੀ ਅਗਰਵਾਲ ਇੰਫਰਾਸਟਰੱਕਚਰ ਲਿਮਟਿਡ ਖਿਲਾਫ਼ ਐੱਫ਼ਆਈਆਰ ਦਰਜ ਕਰ ਦਿੱਤੀ ਗਈ ਹੈ। ਉਨ੍ਹਾਂ ਪੰਜਾਬ ਦੀਆਂ ਹੋਰ ਥਾਵਾਂ ’ਤੇ ਟੌਲ ਵਸੂਲ ਰਹੀਆਂ ਕੰਪਨੀਆਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਸਮਝੌਤੇ ਦੀ ਮਿਆਦ ਖਤਮ ਹੋਣ ਦੀ ਤਰੀਕ ਮੋਟੇ ਅੱਖਰਾਂ ਵਿਚ ਟੌਲ ਪਲਾਜ਼ਿਆਂ ਦੇ ਬਾਹਰ ਲਿਖਣ। ਉਨ੍ਹਾਂ ਐਲਾਨ ਕੀਤਾ ਕਿ ਕਿਸੇ ਵੀ ਟੌਲ ਕੰਪਨੀ ਦੀ ਮਿਆਦ ਵਧਾਈ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ 10 ਸਾਲ ਅਕਾਲੀਆਂ ਅਤੇ 5 ਸਾਲ ਕਾਂਗਰਸ ਦੀ ਸਰਕਾਰ ਨੇ ਆਮ ਜਨਤਾ ਦੀ ਲੁੱਟ ਕਰਵਾਈ। ਬੇਨਿਯਮੀਆਂ ਦੇ ਬਾਵਜੂਦ ਟੌਲ ਕੰਪਨੀਆਂ ਦੇ ਸਮਝੌਤੇ ਰੱਦ ਨਹੀਂ ਕੀਤੇ ਗਏ। ਸ੍ਰੀ ਮਾਨ ਨੇ ਦੱਸਿਆ ਕਿ ਉਨ੍ਹਾਂ ਟੌਲ ਟੈਕਸ ਦੀ ਗੈਰ-ਵਾਜਬੀਅਤ ਦਾ ਮਾਮਲਾ ਸੰਸਦ ਵਿਚ ਵੀ ਉਠਾਇਆ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਲੋਕਾਂ ਦੀ ਹੋਰ ਲੁੱਟ ਨਹੀਂ ਹੋਣ ਦੇਵੇਗੀ। ‘ਜਿਨ੍ਹਾਂ ਕੰਪਨੀਆਂ ਵੱਲ ਸਰਕਾਰ ਦਾ ਪੈਸਾ ਬਣਦਾ ਹੈ, ਉਸ ਤੋਂ ਇਹ ਵਸੂਲਿਆ ਜਾਵੇਗਾ।’ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ 7.76 ਕਰੋੜ ਰੁਪਏ ਖਰਚ ਕਰਕੇ 27.9 ਕਿਲੋਮੀਟਰ ਲੰਬੀ ਹੁਸ਼ਿਆਰਪੁਰ-ਟਾਂਡਾ ਸੜਕ ਬਣਵਾਈ ਅਤੇ ਮਾਰਚ 2007 ਵਿਚ ਇਸ ਦਾ ਰੱਖ ਰਖਾਅ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤਾ। ਉਨ੍ਹਾਂ ਕਿਹਾ ਕਿ ਬਿਨਾਂ ਕੋਈ ਪੈਸਾ ਖਰਚਿਆਂ ਇਹ ਕੰਪਨੀ ਹਰ ਸਾਲ ਰਾਹਗੀਰਾਂ ਤੋਂ ਲਗਭਗ 7 ਕਰੋੜ ਰੁਪਏ ਵਸੂਲ ਰਹੀ ਸੀ ਪਰ ਨਾ ਸੜਕ ਦਾ ਰੱਖ ਰਖਾਅ ਤੇ ਨਾ ਕੋਈ ਹੋਰ ਸਹੂਲਤ ਦਿੱਤੀ ਗਈ। ਇਸ ਤੋਂ ਇਲਾਵਾ ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਕਰਦਿਆਂ ਟੌਲ ਟੈਕਸ ਰਾਹੀਂ ਵਸੂਲਿਆ ਜਾਂਦਾ ਪੈਸਾ ਕੰਪਨੀ ਆਪਣੇ ਪ੍ਰਾਈਵੇਟ ਖਾਤੇ ਵਿਚ ਪਾਉਂਦੀ ਰਹੀ। ਭਗਵੰਤ ਮਾਨ ਨੇ ਕਿਹਾ ਕਿ ਨਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਤੇ ਨਾ ਹੀ ਉਨ੍ਹਾਂ ਤੋਂ ਪਹਿਲਾਂ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਾਨੂੰਨ ਦੀ ਉਲੰਘਣਾ ਕਰਨ ਵਾਲੀਆਂ ਟੌਲ ਕੰਪਨੀਆਂ ਖਿਲਾਫ਼ ਕੋਈ ਐਕਸ਼ਨ ਲਿਆ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਹੁਣ ਲੋਕਾਂ ਕੀ ਲੁੱਟ-ਖਸੁੱਟ ਨਹੀਂ ਹੋਣ ਦੇਵੇਗੀ। ਟੌਲ ਪਲਾਜ਼ਾ ਬੰਦ ਹੋਣ ਕਾਰਨ ਵਿਹਲੇ ਹੋ ਰਹੇ ਠੇਕਾ ਮੁਲਾਜ਼ਮਾਂ ਦੇ ਭਵਿੱਖ ਸਬੰਧੀ ਪੁੱਛੇ ਗੲੇ ਸਵਾਲ ਦਾ ਸਿੱਧਾ ਸਵਾਬ ਦੇਣ ਹੀ ਬਜਾਏ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੌਜਵਾਨਾਂ ਲਈ ਲਗਾਤਾਰ ਰੁਜ਼ਗਾਰ ਦੇ ਵਸੀਲੇ ਪੈਦਾ ਕਰ ਰਹੀ ਹੈ।

Add a Comment

Your email address will not be published. Required fields are marked *