ਸੈਂਕੜੇ ਲੋਕਾਂ ਵਲੋਂ ਗੋਰਬਾਚੇਵ ਨੂੰ ਅੰਤਿਮ ਵਿਦਾਇਗੀ

ਮਾਸਕੋ, 3 ਸਤੰਬਰ- ਸ਼ੀਤ ਯੁੱਧ ਨੂੰ ਖਤਮ ਕਰਨ ‘ਚ ਮਦਦ ਕਰਨ ਤੇ ਵੱਡੇ ਸੁਧਾਰਾਂ ਦੀ ਸ਼ੁਰੂਆਤ ਕਰਨ ਵਾਲੇ ਸੋਵੀਅਤ ਸੰਘ ਦੇ ਸਾਬਕਾ ਨੇਤਾ ਮਿਖਾਈਲ ਗੋਰਬਾਚੇਵ ਨੂੰ ਸਨਿਚਰਵਾਰ ਨੂੰ ਵੱਡੀ ਗਿਣਤੀ ‘ਚ ਲੋਕਾਂ ਨੇ ਸ਼ਰਧਾਂਜਲੀ ਦਿੱਤੀ, ਜਦਕਿ ਇਸ ‘ਚ ਰੂਸੀ ਰਾਸ਼ਟਰਪਤੀ ਪੁਤਿਨ ਸ਼ਾਮਿਲ ਨਹੀਂ ਹੋਏ | ਗੋਰਬਾਚੇਵ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ ਸੀ | ਉਹ 91 ਸਾਲਾਂ ਦੇ ਸਨ | ਯੂਰਪ ਨੂੰ ਵੱਖ ਕਰਨ ਵਾਲੀ ਰਾਜਨੀਤਕ ਸੀਮਾ ਖਤਮ ਕਰਨ ਲਈ ਗੋਰਬਾਚੇਵ ਨੂੰ ਪੱਛਮੀ ਦੇਸ਼ਾਂ ‘ਚ ਸਰਾਹਿਆ ਜਾਂਦਾ ਹੈ, ਪਰ ਸੋਵੀਅਤ ਸੰਘ ਦੇ ਟੁੱਟਣ ਲਈ ਜਿੰਮੇਵਾਰ ਰਹੇ ਉਨ੍ਹਾਂ ਦੇ ਕਦਮਾਂ ਦੇ ਕਾਰਨ ਰੂਸ ‘ਚ ਉਨ੍ਹਾਂ ਦੇ ਕਈ ਆਲੋਚਕ ਵੀ ਹਨ | ਗੋਰਬਾਚੇਵ ਦੀ ਰਾਜਸੀ ਸੰਸਕਾਰ ਕੀਤੇ ਜਾਣ ਦਾ ਐਲਾਨ ਕਰਨ ਤੋਂ ਕ੍ਰਿਮਲਿਨ ਦਾ ਇਨਕਾਰ ਕਰਨਾ ਮਰਹੂਮ ਨੇਤਾ ਦੀ ਵਿਰਾਸਤ ਨੂੰ ਲੈ ਕੇ ਰੂਸੀ ਰਾਸ਼ਟਰਪਤੀ ਦਫ਼ਤਰ ਦੀ ਅਸਹਿਜਤਾ ਨੂੰ ਦਰਸਾਉਂਦਾ ਹੈ | ਪੁਤਿਨ ਨੇ ਵੀਰਵਾਰ ਨੂੰ ਗੋਰਬਾਚੇਵ ਦੇ ਤਾਬੂਤ ‘ਤੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਵਿਅਕਤੀਗਤ ਰੂਪ ‘ਚ ਸ਼ਰਜਾਂਧਲੀ ਦਿੱਤੀ ਸੀ | ਕ੍ਰਿਮਲਿਨ ਨੇ ਕਿਹਾ ਸੀ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਆਪਣੇ ਮਸ਼ਰੂਫ ਪ੍ਰੋਗਰਾਮਾਂ ਦੀ ਵਜ੍ਹਾ ਨਾਲ ਗੋਰਬਾਚੇਵ ਦੇ ਅੰਤਿਮ ਸੰਸਕਾਰ ਸਮਾਰੋਹ ‘ਚ ਸ਼ਾਮਿਲ ਨਹੀਂ ਹੋ ਸਕਣਗੇ | ਪੁਤਿਨ ਦੇ ਸ਼ਾਮਿਲ ਨਹੀਂ ਹੋਣ ਦੇ ਕਾਰਨਾਂ ਬਾਰੇ ਪੁੱਛੇ ਜਾਣ ‘ਤੇ ਕ੍ਰਿਮਲਿਨ ਦੇ ਬੁਲਾਰੇ ਦਿਮਤ੍ਰੀ ਪੇਸਕੋਵ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਰਾਸ਼ਟਰਪਤੀ ਦੇ ਕਈ ਪ੍ਰੋਗਰਾਮ ਪਹਿਲਾਂ ਤੋਂ ਨਿਰਧਾਰਿਤ ਹਨ | ਗੋਰਬਾਚੇਵ ਦੇ ਮਿ੍ਤਕ ਸਰੀਰ ਨੂੰ ਮਾਸਕੋ ਦੇ ਨੋਵੋਡਦੇਵਿਚੀ ਸ਼ਮਸ਼ਾਨਘਾਟ ‘ਚ ਉਨ੍ਹਾਂ ਦੀ ਪਤਨੀ ਦੇ ਤਾਬੂਤ ਦੇ ਕੋਲ ਦਫ਼ਨਾਇਆ ਜਾਵੇਗਾ |

Add a Comment

Your email address will not be published. Required fields are marked *