ਪੰਜਾਬ ਦੀ ਧੀ ਰਵਨੀਤ ਕੌਰ ਦੀ ਵੱਡੀ ਪ੍ਰਾਪਤੀ, CCI ਦੀ ਪਹਿਲੀ ਮਹਿਲਾ ਚੇਅਰਪਰਸਨ ਬਣੀ

ਨਵੀਂ ਦਿੱਲੀ – ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਦੇ ਚੇਅਰਪਰਸਨ ਵਜੋਂ ਪੰਜਾਬ ਦੀ ਧੀ ਰਵਨੀਤ ਕੌਰ ਦੇ ਨਾਂ ‘ਤੇ ਮੋਹਰ ਲੱਗ ਗਈ ਹੈ।  ਇਹ ਅਹੁਦਾ ਪਿਛਲੇ ਸਾਲ ਅਕਤੂਬਰ ਤੋਂ ਖਾਲੀ ਪਿਆ ਹੈ। ਰਨਵੀਤ ਕੌਰ 1988 ਪੰਜਾਬ ਕੇਡਰ ਦੀ ਆਈ.ਏ.ਐੱਸ ਅਧਿਕਾਰੀ ਹੈ। ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ 15 ਮਈ ਦੇ ਅਧਿਕਾਰਤ ਹੁਕਮਾਂ ਮੁਤਾਬਕ 59 ਸਾਲਾ ਰਵਨੀਤ ਕੌਰ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਰਵਨੀਤ ਕੌਰ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਦਾ ਅਹੁਦਾ ਸੰਭਾਲਣ ਵਾਲੀ ਪੰਜਵੀਂ ਫੁੱਲ-ਟਾਈਮ ਚੇਅਰਪਰਸਨ ਹੋਵੇਗੀ। ਉਹ ਸੀ.ਸੀ.ਆਈ. ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਹੋਵੇਗੀ। ਕਮਿਸ਼ਨ ਦੀ ਸ਼ੁਰੂਆਤ 2009 ਵਿਚ ਕੀਤੀ ਗਈ ਸੀ ਜਿਸ ਦੇ ਪਹਿਲੇ ਫੁੱਲ ਟਾਈਮ ਚੇਅਰਪਰਸਨ ਧਨੇਂਦਰ ਕੁਮਾਰ ਸਨ। ਉਨ੍ਹਾਂ ਤੋਂ ਬਾਅਦ ਅਸ਼ੋਕ ਚਾਵਲਾ, ਡੀ.ਕੇ. ਸੀਕਰੀ ਅਤੇ ਅਸ਼ੋਕ ਕੁਮਾਰ ਗੁਪਤਾ ਵੀ ਚੇਅਰਪਰਸਨ ਰਹਿ ਚੁੱਕੇ ਹਨ। ਅਕਤੂਬਰ 2022 ਵਿਚ ਅਸ਼ੋਕ ਕੁਮਾਰ ਗੁਪਤਾ ਦੇ ਅਹੁਦਾ ਛੱਡਣ ਤੋਂ ਬਾਅਦ ਭਾਰਤੀ ਮੁਕਾਬਲੇਬਾਜ਼ ਕਮਿਸ਼ਨ ਲਈ ਕੋਈ ਫੁੱਲ-ਟਾਈਮ ਚੇਅਰਪਰਸਨ ਨਹੀਂ ਹੈ। ਸੀ.ਸੀ.ਆਈ. ਮੈਂਬਰ ਸੰਗੀਤਾ ਵਰਮਾ ਪਿਛਲੇ ਸਾਲ ਅਕਤੂਬਰ ਤੋਂ ਚੇਅਰਪਰਸਨ ਦਾ ਕੰਮ ਸੰਭਾਲ ਰਹੀ ਹੈ। 

ਵਰਤਮਾਨ ਵਿਚ ਰਵਨੀਤ ਕੌਰ ਪੰਜਾਬ ਸਰਕਾਰ ਵਿਚ ਸਹਿਕਾਰਤਾ ਵਿਭਾਗ ਵਿਚ ਵਿਸ਼ੇਸ਼ ਮੁੱਖ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਸ ਨੇ ਰਾਜ ਵਿਚ ਕਈ ਹੋਰ ਭੂਮਿਕਾਵਾਂ ਵਿਚ ਵੀ ਕੰਮ ਕੀਤਾ ਹੈ। ਕੌਰ ਨੇ 2006 ਤੋਂ 2012 ਤਕ ਕੇਂਦਰ ਵਿਚ ਕੰਮ ਕੀਤਾ ਹੈ, ਜਿਸ ਵਿਚ ਵਿੱਤੀ ਸੇਵਾਵਾਂ ਵਿਭਾਗ ਵਿਚ ਸੰਯੁਕਤ ਸਕੱਤਰ ਵੀ ਸ਼ਾਮਲ ਹੈ। 2015-2019 ਦੀ ਮਿਆਦ ਦੌਰਾਨ ਵੀ ਉਹ ਕੇਂਦਰ ‘ਚ ਕੰਮ ਕਰ ਚੁੱਕੀ ਹੈ। ਉਸ ਨੇ ਜੁਲਾਈ 2017 ਤੋਂ ਜੁਲਾਈ 2019 ਤਕ ਇੰਡੀਆ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੀ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਵਜੋਂ ਸੇਵਾ ਨਿਭਾਈ।

ਰਵਨੀਤ ਕੌਰ ਅਜਿਹੇ ਸਮੇਂ ਸੀ.ਸੀ.ਆਈ. ਦੀ ਵਾਗਡੋਰ ਸੰਭਾਲਣਗੇ ਜਦੋਂ ਰੈਗੂਲੇਟਰ ਦੁਆਰਾ ਗੂਗਲ ਅਤੇ ਐਪਲ ਸਮੇਤ ਡਿਜੀਟਲ ਸਪੇਸ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ਦੀ ਪੈਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਸੀ.ਸੀ.ਆਈ. ਨੇ ਪਿਛਲੇ ਹਫਤੇ, ਗੂਗਲ ਦੇ ਖ਼ਿਲਾਫ਼ ਅਕਤੂਬਰ 2022 ਵਿਚ ਆਪਣੀਆਂ ਪਲੇ ਸਟੋਰ ਨੀਤੀਆਂ ਦੇ ਸਬੰਧ ਵਿਚ ਪਾਸ ਕੀਤੇ ਆਦੇਸ਼ ਦੀ ਕਥਿਤ ਗੈਰ-ਪਾਲਣਾ ਲਈ ਇਕ ਜਾਂਚ ਸ਼ੁਰੂ ਕੀਤੀ ਸੀ। ਇਸ ਦੇ ਨਾਲ ਹੀ ਮੁਕਾਬਲੇ ਦੇ ਕਾਨੂੰਨ ਵਿਚ ਹਾਲ ਹੀ ਵਿਚ ਕਈ ਸੋਧਾਂ ਕੀਤੀਆਂ ਗਈਆਂ ਹਨ। ਇਹ ਸੋਧਾਂ ਕਾਰੋਬਾਰ ਕਰਨ ਦੀ ਸੌਖ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸੰਸਥਾਵਾਂ ਨੂੰ ਅਨੁਚਿਤ ਵਪਾਰਕ ਅਭਿਆਸਾਂ ਵਿਚ ਸ਼ਾਮਲ ਹੋਣ ਤੋਂ ਰੋਕਣ ਲਈ ਢਾਂਚੇ ਨੂੰ ਵਧਾਉਣ ਦੀ ਕੋਸ਼ਿਸ਼ ਕਰਦੀਆਂ ਹਨ।

ਰਵਨੀਤ ਕੌਰ ਦੀ ਨਿਯੁਕਤੀ ਚਾਰਜ ਸੰਭਾਲਣ ਦੀ ਮਿਤੀ ਤੋਂ ਪੰਜ ਸਾਲ ਜਾਂ 65 ਸਾਲ ਦੀ ਉਮਰ ਪੂਰੀ ਹੋਣ ਤੱਕ ਜਾਂ ਅਗਲੇ ਹੁਕਮਾਂ ਤੱਕ, ਹੁਕਮਾਂ ਅਨੁਸਾਰ, ਜੋ ਵੀ ਜਲਦੀ ਹੋਵੇ, ਲਈ ਹੋਵੇਗੀ। ਇਸ ਵਿਚ ਕਿਹਾ ਗਿਆ ਹੈ ਕਿ ਚੇਅਰਪਰਸਨ ਨੂੰ ਘਰ ਅਤੇ ਕਾਰ ਤੋਂ ਬਿਨਾਂ ਪ੍ਰਤੀ ਮਹੀਨਾ 4,50,000 ਰੁਪਏ ਦੀ ਤਨਖ਼ਾਹ ਮਿਲੇਗੀ। 

Add a Comment

Your email address will not be published. Required fields are marked *