ਪਹਿਲਵਾਨਾਂ ਵੱਲੋਂ ਅੰਦੋਲਨ ਨੂੰ ਆਲਮੀ ਮੰਚ ’ਤੇ ਲਿਜਾਣ ਦੀ ਤਿਆਰੀ

ਨਵੀਂ ਦਿੱਲੀ, 15 ਮਈ-: ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਆਪਣੇ ‘ਅੰਦੋਲਨ ਨੂੰ ਆਲਮੀ ਪੱਧਰ ’ਤੇ’ ਲਿਜਾਣ ਲਈ ਹੋਰਨਾਂ ਮੁਲਕਾਂ ਦੇ ਓਲੰਪਿਕ ਤਗ਼ਮਾ ਜੇਤੂਆਂ ਤੇ ਅਥਲੀਟਾਂ ਤੱਕ ਪਹੁੰਚ ਕਰਨ ਦਾ ਫੈਸਲਾ ਕੀਤਾ ਹੈ। ਧਰਨਾਕਾਰੀ ਪਹਿਲਵਾਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਉਨ੍ਹਾਂ ਦੀ ਮੰਗ ਵੱਲ ਧਿਆਨ ਨਾ ਦਿੱਤਾ, ਉਹ 21 ਮਈ ਮਗਰੋਂ ਕੋਈ ਵੱਡਾ ਫੈਸਲਾ ਲੈਣਗੇ। ਇਸ ਦੌਰਾਨ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ, ਭਾਜਪਾ ਆਗੂ ਬੀਰੇਂਦਰ ਸਿੰਘ ਅਤੇ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਨੇ ਜੰਤਰ ਮੰਤਰ ’ਤੇ ਪੁੱਜ ਕੇ ਪਹਿਲਵਾਨਾਂ ਨੂੰ ਸਮਰਥਨ ਦਿੱਤਾ ਤੇ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ। ਸ਼ਾਮ ਨੂੰ ਪਹਿਲਵਾਨਾਂ ਤੇ ਹੋਰ ਲੋਕਾਂ ਕਨਾਟ ਪਲੇਸ ਤੱਕ ਮਾਰਚ ਕੀਤਾ। ਓਲੰਪਿਕ ਤਗ਼ਮਾ ਜੇਤੂ ਬਜਰੰਗ ਪੂਨੀਆ, ਸਾਕਸ਼ੀ ਮਲਿਕ ਤੇ ਏਸ਼ਿਆਈ ਖੇਡਾਂ ’ਚ ਸੋਨ ਤਗ਼ਮਾ ਜਿੱਤਣ ਵਾਲੀ ਵਿਨੇਸ਼ ਫੋਗਾਟ ਸਣੇ ਦੇਸ਼ ਦੇ ਸਿਖਰਲੇ ਪਹਿਲਵਾਨ ਪਿਛਲੇ 23 ਦਿਨਾਂ ਤੋਂ ਜੰਤਰ-ਮੰਤਰ ’ਤੇ ਧਰਨਾ ਲਾਈ ਬੈਠੇ ਹਨ।

Add a Comment

Your email address will not be published. Required fields are marked *