ਭਾਰਤ ਨੂੰ ਲੜਾਈ ਤੇ ਸਿੰਚਾਈ ਤੋਂ ਬਾਅਦ ਹੁਣ ਪੜ੍ਹਾਈ ਵੀ ਸਿਖਾਏਗਾ ਇਜ਼ਰਾਈਲ

ਯਰੂਸ਼ਲਮ – ਭਾਰਤ ਦੇ ਚੋਟੀ ਦੇ ਸਿੱਖਿਆ ਮਾਹਰਾਂ ਦਾ 24 ਮੈਂਬਰੀ ਵਫ਼ਦ ਡਾਟਾ ਐਨਲਿਟਿਕਸ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਇਜ਼ਰਾਈਲ ਦੀ ਨਵੀਨਤਾ-ਅਧਾਰਿਤ ਸਿੱਖਿਆ ਪ੍ਰਣਾਲੀ ਅਤੇ ਸਫ਼ਲ ਸਿੱਖਿਆ ਮਾਡਲ ਤੋਂ ਸਿੱਖਣ ਲਈ ਦੇਸ਼ ਦੇ 6 ਦਿਨਾਂ ਦੌਰੇ ‘ਤੇ ਹੈ ਤਾਂ ਕਿ ਉਹ ਆਪਣੇ ਸਕੂਲਾਂ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰ ਸਕੇ।

ਇਜ਼ਰਾਈਲ ਬਹੁਤ ਪਹਿਲਾਂ ਤੋਂ ਡਾਟਾ ਐਨਲਿਟਿਕਸ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਇਨੋਵੇਸ਼ਨ ਬੈਸਡ ਐਜੁਕੇਸ਼ਨ ਸਿਸਟਮ ਨੂੰ ਸਫ਼ਲਤਾਪੂਰਵਕ ਸੰਚਾਲਿਤ ਕਰ ਰਿਹਾ ਹੈ। ਭਾਰਤੀ ਵਫ਼ਦ ਨੇ 6 ਦਿਨਾਂ ਵਿਚ ਇਜ਼ਰਾਈਲ ਦੇ ਕਈ ਸੰਸਥਾਨਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਇੰਸਟੀਚਿਊਟਸ ਦਾ ਦੌਰਾ ਵੀ ਕੀਤਾ। ਇਸ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਭਾਰਤੀ ਸਕੂਲਾਂ ਵਿਚ ਵੀ ਸਿੱਖਿਆ ਦੇ ਮਿਆਰ ਵਿਚ ਸੁਧਾਰ ਸਬੰਧੀ ਸੁਝਾਅ ਦਿੱਤੇ ਜਾਣਗੇ। ਇਜ਼ਰਾਈਲ ਅਤੇ ਭਾਰਤ ਪਹਿਲਾਂ ਹੀ ਫੌਜੀ ਅਤੇ ਖੇਤੀਬਾੜੀ ਖੇਤਰਾਂ ਵਿੱਚ ਬਹੁਤ ਨਜ਼ਦੀਕੀ ਸਹਿਯੋਗ ਕਰ ਰਹੇ ਹਨ। ਇਜ਼ਰਾਈਲ ਨੇ ਭਾਰਤ ਨੂੰ ਡਰਿੱਪ ਸਿੰਚਾਈ ਤਕਨੀਕ ਸਿਖਾਉਣ ਵਿੱਚ ਮਦਦ ਕੀਤੀ ਹੈ। ਨਾਲ ਹੀ ਰੇਗਿਸਤਾਨੀ ਖੇਤਰਾਂ ਵਿੱਚ ਖੇਤੀ ਸਬੰਧੀ ਕਈ ਤਕਨੀਕਾਂ ਵੀ ਸਾਂਝੀਆਂ ਕੀਤੀਆਂ ਹਨ। ਭਾਰਤੀ ਖੁਫੀਆ ਏਜੰਸੀਆਂ ਅਤੇ ਫੌਜ ਨਾਲ ਜੁੜੇ ਅਧਿਕਾਰੀ ਵੀ ਇਜ਼ਰਾਈਲ ਵਿੱਚ ਵਿਸ਼ੇਸ਼ ਸਿਖਲਾਈ ਲੈਂਦੇ ਹਨ।

ਫਿੱਕੀ ਅਰਾਈਜ਼ (ਅਲਾਇੰਸ ਫਾਰ ਰੀ-ਇਮੇਜਿਨਿੰਗ ਸਕੂਲ ਐਜੂਕੇਸ਼ਨ) ਨੇ ਭਾਰਤ ਦੇ ਵਿੱਤ ਮੰਤਰਾਲਾ, ਨਵੀਂ ਦਿੱਲੀ ਸਥਿਤ ਇਜ਼ਰਾਈਲੀ ਦੂਤਘਰ ਅਤੇ ਇਜ਼ਰਾਈਲ ਦੇ ਵਿਦੇਸ਼ੀ ਵਪਾਰ ਪ੍ਰਸ਼ਾਸਨ ਦੇ ਤਾਲਮੇਲ ਵਿੱਚ ਇਸ ਯਾਤਰਾ ਦੇ ਪ੍ਰਬੰਧ ਕੀਤੇ ਹਨ। ਫਿੱਕੀ ਅਰਾਈਜ਼ ਭਾਰਤ ਵਿੱਚ ਪ੍ਰਗਤੀਸ਼ੀਲ ਸਕੂਲਾਂ ਦੇ ਪੈਰੋਕਾਰਾਂ ਦਾ ਇੱਕ ਸਮੂਹ ਹੈ। ਸਮੂਹ ਨੇ ਇੱਕ ਬਿਆਨ ਵਿੱਚ ਕਿਹਾ, “ਇਸ ਦੌਰੇ ਦਾ ਉਦੇਸ਼ ਭਾਰਤੀ ਸਿੱਖਿਆ ਮਾਹਰਾਂ ਨੂੰ ਕੇ-12 (ਕਿੰਡਰਕਾਰਟਨ ਤੋਂ ਲੈ ਕੇ ਕਲਾਸ 12 ਤੱਕ) ਪੱਧਰ ਦੇ ਇਜ਼ਰਾਈਲੀ ਸਿੱਖਿਆ ਪ੍ਰਣਾਲੀ ਮਾਡਲ ਨੂੰ ਸਮਝਣ ਅਤੇ ਉਸ ਦਾ ਅਨੁਭਵ ਕਰਨ ਦਾ ਮੌਕਾ ਪ੍ਰਦਾਨ ਕਰਨਾ ਹੈ। ਨਾਲ ਹੀ ਉਹਨਾਂ ਨੂੰ ਡਾਟਾ ਐਨਲਿਟਿਕਸ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੀਆਂ ਤਕਨੀਕਾਂ ਦੇ ਇਸਤੇਮਾਲ ਨਾਲ ਗਤੀਸ਼ੀਲ ਅਤੇ ਲਚਕਦਾਰ ਨੀਤੀਆਂ, ਸਫ਼ਲ ਵਿਦਿਅਕ ਸਾਧਨਾਂ ਅਤੇ ਮਾਡਲਾਂ ਤੋਂ ਜਾਣੂ ਕਰਾਉਣਾ ਹੈ ਤਾਂ ਕਿ ਉਹ ਆਪਣੇ ਵਿਦਿਆਰਥੀਆਂ ਨੂੰ 21ਵੀਂ ਸਦੀ ਦੀਆਂ ਜ਼ਰੂਰਤਾਂ ਦੇ ਅਨੁਰੂਪ ਤਿਆਰਕਰਨ ਲਈ ਸਕੂਲਾਂ ਵਿਚ ਜ਼ਰੂਰੀ ਬਦਲਾਅ ਲਿਆ ਸਕਣ।”

Add a Comment

Your email address will not be published. Required fields are marked *